ਰਾਜਸਥਾਨ ਕਾਂਗਰਸ ’ਚ ਅਜੇ ਵੀ ‘ਆਲ ਇਜ਼ ਨਾਟ ਵੈੱਲ’, ਪਾਇਲਟ ਨੇ ਆਪਣੀ ਸਰਕਾਰ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ
Thursday, Jun 01, 2023 - 10:51 PM (IST)
 
            
            ਜਲੰਧਰ (ਬਿਊਰੋ) : ਕਾਂਗਰਸ ਭਾਵੇਂ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਸਾਬਕਾ ਡਿਪਟੀ ਸੀ. ਐੱਮ. ਸਚਿਨ ਪਾਇਲਟ ਵਿਚਾਲੇ ਸੁਲ੍ਹਾ-ਸਫਾਈ ਦਾ ਰਾਗ ਅਲਾਪ ਰਹੀ ਹੈ ਪਰ ਸਥਿਤੀ ਇਸ ਤੋਂ ਬਿਲਕੁਲ ਉਲਟ ਹੀ ਨਜ਼ਰ ਆ ਰਹੀ ਹੈ। ਬੀਤੇ ਸੋਮਵਾਰ ਨੂੰ ਕਾਂਗਰਸ ਹਾਈਕਮਾਂਡ ਨੇ ਦੋਵਾਂ ਵਿਚਾਲੇ ਸੁਲ੍ਹਾ ਕਰਵਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਬੈਠਕ ਬੁਲਾਈ ਸੀ।
ਕਈ ਘੰਟਿਆਂ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਰਾਜਸਥਾਨ ’ਚ ਸਭ ਕੁਝ ਠੀਕ-ਠਾਕ ਹੋਣ ਦਾ ਦਾਅਵਾ ਵੀ ਸਾਹਮਣੇ ਆਇਆ ਪਰ 2 ਦਿਨ ਬਾਅਦ ਬੁੱਧਵਾਰ ਨੂੰ ਸਚਿਨ ਪਾਇਲਟ ਨੇ ਇਹ ਕਹਿ ਕੇ ਸਿਆਸਤ ’ਚ ਗਰਮਾਹਟ ਪੈਦਾ ਕਰ ਦਿੱਤੀ ਕਿ ਨੌਜਵਾਨਾਂ ਦੇ ਮਾਮਲਿਆਂ ਨੂੰ ਉਠਾਉਂਦਾ ਰਹਾਂਗਾ ਅਤੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅਡਿੱਗ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਅਜਿਹਾ ਲੱਗ ਰਿਹਾ ਹੈ ਕਿ ਰਾਜਸਥਾਨ ਕਾਂਗਰਸ ’ਚ ਅਜੇ ਵੀ ‘ਆਲ ਇਜ਼ ਨਾਟ ਵੈੱਲ’ ਵਾਲੀ ਸਥਿਤੀ ਹੀ ਹੈ।
■ ਸੁਲ੍ਹਾ-ਸਫਾਈ ਦੇ ਦਾਅਵਿਆਂ ਤੋਂ ਬਾਅਦ ਪਾਇਲਟ ਨੇ ਕੀ ਕਿਹਾ?
ਹਾਈਕਮਾਂਡ ਵੱਲੋਂ ਸੁਲ੍ਹਾ-ਸਫਾਈ ਦੇ ਦਾਅਵਿਆਂ ਤੋਂ ਬਾਅਦ ਇਕ ਵਾਰ ਫਿਰ ਆਪਣੀ ਹੀ ਸਰਕਾਰ ਖ਼ਿਲਾਫ਼ ਪਾਇਲਟ ਨੇ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਕਾਰਨ ਸੀ. ਐੱਮ. ਨਾਲ ਉਨ੍ਹਾਂ ਦਾ ਟਕਰਾਅ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਨੌਜਵਾਨਾਂ ਲਈ ਲੜਿਆ ਹਾਂ, ਜੇਕਰ ਸਾਡੇ ਵਰਗੇ ਲੋਕ ਉਨ੍ਹਾਂ ਦੀ ਗੱਲ ਨਹੀਂ ਰੱਖਣਗੇ ਤਾਂ ਉਨ੍ਹਾਂ ਦੀ ਉਮੀਦ ਖ਼ਤਮ ਹੋ ਜਾਵੇਗੀ।
ਪਾਇਲਟ ਨੇ ਕਿਹਾ ਕਿ ਪੇਪਰ ਲੀਕ ਹੁੰਦੇ ਹਨ : ਪ੍ਰੀਖਿਆਵਾਂ ਰੱਦ ਹੋ ਜਾਂਦੀਆਂ ਹਨ। ਜੇਕਰ ਰੁਜ਼ਗਾਰ ਅਤੇ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਉਹ ਸਾਡੀ ਤਰਜੀਹ ਨਹੀਂ ਹੋਵੇਗੀ ਤਾਂ ਸਾਡੀ ਤਰਜੀਹ ਕੀ ਹੋਵੇਗੀ? ਪਾਇਲਟ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਸਿਆਸੀ ਕਰੀਅਰ ਵਿਚ ਕਿਸੇ ਵੀ ਅਹੁਦੇ ’ਤੇ ਰਿਹਾ ਜਾਂ ਨਾ, ਮੈਂ ਸੂਬੇ ਦੇ ਨੌਜਵਾਨਾਂ ਲਈ ਆਪਣੀ ਗੱਲ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ। ਕੋਈ ਇਹ ਨਾ ਸੋਚੇ ਕਿ ਅਸੀਂ ਆਪਣੀ ਗੱਲ ਰੱਖਣੀ ਛੱਡ ਦਿੱਤੀ ਹੈ। ਅਸੀਂ ਆਪਣੀ ਗੱਲ ’ਤੇ ਕਾਇਮ ਰਹਾਂਗੇ ਅਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਵਾਂਗੇ।
ਕਾਂਗਰਸ ਲਈ ਫਿਰ ਖੜ੍ਹੀ ਹੋਈ ਮੁਸੀਬਤ
ਹਾਲ ਹੀ ਬਿਆਨਬਾਜ਼ੀ ਨੇ ਹੁਣ ਇਸ ਮਾਮਲੇ ਨੂੰ ਇਕ ਵਾਰ ਫਿਰ ਤੂਲ ਦੇ ਦਿੱਤੀ ਹੈ ਅਤੇ ਰਾਜਸਥਾਨ ਵਿਚ ਕਾਂਗਰਸ ਹਾਈਕਮਾਂਡ ਲਈ ਸਿਰਦਰਦੀ ਪੈਦਾ ਕਰ ਦਿੱਤੀ ਹੈ। ਕਾਂਗਰਸ ਦੀ ਸਥਿਤੀ ਇਹ ਬਣ ਗਈ ਹੈ ਕਿ ਉਹ ਦੋਵਾਂ ਆਗੂਆਂ ਨੂੰ ਇਕੋ ਮੰਚ 'ਤੇ ਦੇਖਣਾ ਚਾਹੁੰਦੀ ਹੈ, ਜਦਕਿ ਪਾਇਲਟ ਗਰੁੱਪ ਅੰਦਰੋਂ ਇਹੀ ਚਾਹੁੰਦਾ ਹੈ ਕਿ ਗਹਿਲੋਤ ਨੂੰ ਹੀ ਬਦਲ ਦਿੱਤਾ ਜਾਵੇ। ਕਾਂਗਰਸ ਹਾਈਕਮਾਂਡ ਕਰਨਾਟਕ ਦੀ ਜਿੱਤ ਤੋਂ ਉਤਸ਼ਾਹਿਤ ਹੈ ਅਤੇ ਰਾਜਸਥਾਨ ਵਿਚ ਮੁੜ ਸੱਤਾ ਹਾਸਲ ਕਰਨ ਦਾ ਸੁਫ਼ਨਾ ਦੇਖ ਰਹੀ ਹੈ। ਹਾਲਾਂਕਿ ਇਥੇ ਵਰਣਨਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਰਾਜਸਥਾਨ ਦੇ ਲੋਕ ਇਕ ਵਾਰ ਭਾਜਪਾ ਅਤੇ ਇਕ ਵਾਰ ਕਾਂਗਰਸ ਨੂੰ ਮੌਕਾ ਦਿੰਦੇ ਆ ਰਹੇ ਹਨ। ਹਾਲਾਂਕਿ ਪਾਇਲਟ ਅਤੇ ਗਹਿਲੋਤ ਦੀ ਲੜਾਈ ’ਚ ਸੂਬੇ ਦੀ ਰਾਜਨੀਤੀ ਕਿਵੇਂ ਗੁਲ ਖਿਲਾਏਗੀ, ਇਹ ਸਮਾਂ ਹੀ ਦੱਸੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            