ਸਰਹੱਦ ਵਿਵਾਦ ਦਰਮਿਆਨ ਅਜੀਤ ਡੋਭਾਲ ਜਾਣਗੇ ਚੀਨ, ਬਾਰਡਰ ਮੁੱਦੇ ''ਤੇ ਹੋ ਸਕਦੀ ਹੈ ਗੱਲ

07/14/2017 1:01:27 PM

ਨਵੀਂ ਦਿੱਲੀ— ਭਾਰਤ-ਚੀਨ ਦਰਮਿਆਨ ਸਿੱਕਮ ਸਰਹੱਦ ਤੋਂ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ 26-27 ਜੁਲਾਈ ਨੂੰ ਬੀਜਿੰਗ ਜਾ ਸਕਦੇ ਹਨ। ਡੋਭਾਲ ਉੱਥੇ ਬ੍ਰਿਕਸ਼ ਦੇਸ਼ਾਂ ਦੇ ਐੱਨ.ਐੱਸ.ਏ. ਦੀ ਹੋਣ ਵਾਲੀ ਬੈਠਕ 'ਚ ਹਿੱਸਾ ਲੈਣਗੇ। ਸੂਤਰਾਂ ਅਨੁਸਾਰ ਇਸ ਦੌਰਾਨ ਉਹ ਚੀਨੀ ਸਟੇਟ ਕਾਊਂਸਲਰ ਯਾਂਗ ਜਿਚੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਅਨੁਸਾਰ ਸਰਹੱਦੀ ਵਿਵਾਦ 'ਤੇ ਭਾਰਤ ਚੀਨ ਨਾਲ ਕੂਟਨੀਤਕ ਤਰੀਕੇ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਰਮਨੀ ਦੇ ਹੈਂਬਰਗ 'ਚ 2 ਦਿਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਮੁਲਾਕਾਤ ਹੋਈ ਸੀ। ਹਾਲਾਂਕਿ ਚੀਨ ਨੇ ਇਸ ਮੁਲਾਕਾਤ ਨੂੰ ਅਧਿਕਾਰਤ ਨਹੀਂ ਮੰਨਿਆ ਸੀ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਖੁੱਲ੍ਹ ਕੇ ਇਸ ਮੁਲਾਕਾਤ 'ਤੇ ਕੋਈ ਬਿਆਨ ਨਹੀਂ ਦਿੱਤਾ ਸੀ, ਸਿਰਫ ਇੰਨਾ ਕਿਹਾ ਸੀ ਕਿ ਜਿਨਪਿੰਗ ਅਤੇ ਮੋਦੀ ਦੀ ਮੁਲਾਕਾਤ ਦੀ ਤਸਵੀਰ ਦੇ ਕੀ ਮਾਇਨੇ ਹਨ, ਖੁਦ ਹੀ ਸੋਚ ਲਵੋ। ਜ਼ਿਕਰਯੋਗ ਹੈ ਕਿ ਚੀਨ ਮੁੱਦੇ 'ਤੇ ਜਵਾਬ ਦੇਣ ਲਈ ਸੁਸ਼ਮਾ ਸਵਰਾਜ ਨੇ ਗ੍ਰਹਿ ਮੰਤਰੀ ਰਾਜਨਾਥ ਦੇ ਘਰ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ।


Related News