ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਸੰਸਦ ਮੈਂਬਰ ਅਜੈ ਪ੍ਰਤਾਪ ਸਿੰਘ ਨੇ ਛੱਡੀ ਪਾਰਟੀ
Saturday, Mar 16, 2024 - 08:23 PM (IST)
ਭੋਪਾਲ, (ਅਨਸ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਅਜੈ ਪ੍ਰਤਾਪ ਸਿੰਘ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸ਼ਨੀਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ‘ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ’ ਵਿਚ ਸ਼ਾਮਲ ਹੋਣ ਲਈ ਪਾਰਟੀ ਦੀ ਆਲੋਚਨਾ ਕੀਤੀ।
ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਵਿਚ ਭ੍ਰਿਸ਼ਟ ਲੋਕਾਂ ਨੂੰ ਸੁਰੱਖਿਆ ਮਿਲ ਰਹੀ ਹੈ ਅਤੇ ਪਾਰਟੀ ਸਿਆਸੀ ਵਪਾਰੀਆਂ ਦਾ ‘ਅੱਡਾ’ ਬਣ ਗਈ ਹੈ। ਸਿੰਘ ਨੇ ਸ਼ਨੀਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣਾ ਅਸਤੀਫਾ ਪੋਸਟ ਕੀਤਾ। ਉਨ੍ਹਾਂ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੂੰ ਲਿਖੇ ਇਕ ਲਾਈਨ ਦੇ ਪੱਤਰ ਵਿਚ ਕਿਹਾ ਕਿ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।