1 ਦਸੰਬਰ ਤੋਂ ਜੰਮੂ ਤੇ ਸ਼੍ਰੀ ਵਿਜੇਪੁਰਮ ਲਈ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ
Friday, Oct 25, 2024 - 09:40 PM (IST)
ਨਵੀਂ ਦਿੱਲੀ — ਹਵਾਬਾਜ਼ੀ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ 1 ਦਸੰਬਰ ਤੋਂ ਜੰਮੂ ਅਤੇ ਸ਼੍ਰੀ ਵਿਜੇਪੁਰਮ (ਪੋਰਟ ਬਲੇਅਰ) ਲਈ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ, ''ਜੰਮੂ ਨੂੰ ਦਿੱਲੀ ਅਤੇ ਸ਼੍ਰੀਨਗਰ ਲਈ ਸਿੱਧੀਆਂ ਉਡਾਣਾਂ ਨਾਲ ਜੋੜਿਆ ਜਾਵੇਗਾ। ਉਸੇ ਦਿਨ (1 ਦਸੰਬਰ), ਏਅਰ ਇੰਡੀਆ ਐਕਸਪ੍ਰੈਸ ਸ਼੍ਰੀ ਵਿਜੇਪੁਰਮ (ਪੋਰਟ ਬਲੇਅਰ) ਤੋਂ ਬੈਂਗਲੁਰੂ ਅਤੇ ਕੋਲਕਾਤਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ।
ਏਅਰ ਇੰਡੀਆ ਐਕਸਪ੍ਰੈਸ ਦੇ ਪ੍ਰਬੰਧ ਨਿਰਦੇਸ਼ਕ ਅਲੋਕ ਸਿੰਘ ਨੇ ਕਿਹਾ ਕਿ ਏਅਰਲਾਈਨ ਆਪਣੇ ਤੇਜ਼ੀ ਨਾਲ ਵਧ ਰਹੇ ਬੇੜੇ ਦੇ ਆਧਾਰ 'ਤੇ ਘਰੇਲੂ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾ ਰਹੀ ਹੈ। ਉਨ੍ਹਾਂ ਕਿਹਾ, "ਅਸੀਂ ਹਾਲ ਹੀ ਵਿੱਚ ਉੱਤਰ-ਪੂਰਬ ਅਤੇ ਦੱਖਣ ਵਿੱਚ ਸਟੇਸ਼ਨਾਂ ਅਤੇ ਸਮਰੱਥਾ ਵਿੱਚ ਵਾਧਾ ਕੀਤਾ ਹੈ...,"। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਇਹ ਏਅਰਲਾਈਨ 35 ਘਰੇਲੂ ਅਤੇ 14 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਜੋੜ ਕੇ ਪ੍ਰਤੀ ਦਿਨ 400 ਤੋਂ ਵੱਧ ਉਡਾਣਾਂ ਚਲਾਉਂਦੀ ਹੈ ਅਤੇ ਇਸ ਕੋਲ 90 ਜਹਾਜ਼ਾਂ ਦਾ ਬੇੜਾ ਹੈ।