ਏਅਰ ਇੰਡੀਆ ਅਮਰੀਕਾ ਤੇ ਕੈਨੇਡਾ ਲਈ ਭੇਜੇਗਾ 75 ਜਹਾਜ਼, 5 ਜੂਨ ਤੋਂ ਪੱਕੀਆਂ ਹੋਣਗੀਆਂ ਟਿਕਟਾਂ
Thursday, Jun 04, 2020 - 12:49 PM (IST)
ਨਵੀਂ ਦਿੱਲੀ : ਏਅਰ ਇੰਡੀਆ ( air india outbound flights ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 75 ਕੌਮਾਂਤਰੀ ਫਲਾਈਟਾਂ ਅਮਰੀਕਾ ਅਤੇ ਕੈਨੇਡਾ ਦੀਆਂ ਕੁੱਝ ਚੁਣੀਆਂ ਹੋਈਆਂ ਥਾਂਵਾਂ 'ਤੇ ਭੇਜੇਗਾ। ਇਹ ਫਲਾਈਟਾਂ ਵੰਦੇ ਭਾਰਤ ਮਿਸ਼ਨ ਤਹਿਤ 9 ਜੂਨ ਤੋਂ ਲੈ ਕੇ 30 ਜੂਨ ਦਰਮਿਆਨ ਉਡਾਣ ਭਰਨਗੀਆਂ। ਇਨ੍ਹਾਂ ਜਹਾਜ਼ਾਂ ਦੀਆਂ ਟਿਕਟਾਂ 5 ਜੂਨ ਦੀ ਸ਼ਾਮ ਨੂੰ ਪੱਕੀਆਂ ਹੋਣੀਆਂ ਸ਼ੁਰੂ ਹੋਣਗੀਆਂ।
ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ- ਜੋ ਲੋਕ ਅਮਰੀਕਾ ਅਤੇ ਕੈਨੇਡਾ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਟਿਕਟ ਪੱਕੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ 75 ਫਲਾਈਟਾਂ ਨਿਊਯਾਰਕ, ਨੇਵਾਰਕ, ਸ਼ਿਕਾਗੋ, ਵਾਸ਼ਿੰਗਟਨ, ਸੈਨ ਫਰਾਂਸਿਸਕੋ, ਵੈਨਕੁਵਰ ਅਤੇ ਟੋਰਾਂਟੋ ਜਾਣਗੀਆਂ। ਦੱਸ ਦੇਈਏ ਕਿ ਭਾਰਤ ਵਿਚ 25 ਮਈ ਤੋਂ ਘਰੇਲੂ ਜਹਾਜ਼ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਕੌਮਾਂਤਰੀ ਜਹਾਜ਼ ਸੇਵਾ ਅਜੇ ਬੰਦ ਹੈ ਅਤੇ ਅਜੇ ਅੱਗੇ ਵੀ ਇਹ ਬੰਦ ਹੀ ਰਹੇਗੀ, ਜਦੋਂ ਤੱਕ ਕਿ ਅਗਲਾ ਹੁਕਮ ਨਹੀਂ ਆ ਜਾਂਦਾ। ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 7 ਮਈ ਨੂੰ ਕੀਤੀ ਸੀ। ਇਸ ਤਹਿਤ ਸਪੈਸ਼ਲ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਇਆ ਜਾ ਹੈ।
ਏਅਰ ਇੰਡੀਆ ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਮਿਸ਼ਨ ਵੰਦੇ ਭਾਰਤ ਤਹਿਤ ਏਅਰ ਇੰਡੀਆ 75 ਫਲਾਈਟਾਂ ਚਲਾਵੇਗੀ, ਜੋ ਭਾਰਤ ਤੋਂ ਉਡਾਣ ਭਰ ਕੇ ਅਮਰੀਕਾ ਅਤੇ ਕੈਨੇਡਾ ਦੀਆਂ ਕੁੱਝ ਖਾਸ ਜਗ੍ਹਾਵਾਂ 'ਤੇ 9 ਜੂਨ ਤੋਂ 30 ਜੂਨ ਦਰਮਿਆਨ ਜਾਣਗੀਆਂ। ਇਨ੍ਹਾਂ ਫਲਾਈਟਾਂ ਦੀ ਬੁਕਿੰਗ 5 ਜੂਨ ਨੂੰ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗੀ, ਜੋ ਏਅਰ ਇੰਡੀਆ ਦੀ ਵੈੱਬਸਾਈਟ ਜ਼ਰੀਏ ਕੀਤੀ ਜਾਵੇਗੀ। ਇਸ ਮਿਸ਼ਨ ਦੇ ਪਹਿਲੇ ਪੜਾਅ ਵਿਚ ਏਅਰ ਇੰਡੀਆ ਅਤੇ ਇਸ ਦੀ ਸਹਾਇਕ ਏਅਰਲਾਈਨ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਨਾਲ ਮਿਲ ਕੇ 64 ਫਲਾਈਟਾਂ ਆਪਰੇਟ ਕੀਤੀਆਂ ਸਨ। ਇਸ ਦੂਜੇ ਪੜਾਅ ਤਹਿਤ ਕਰੀਬ 300 ਫਲਾਈਟਾਂ ਆਪਰੇਟ ਕਰਨ ਦੀ ਯੋਜਨਾ ਹੈ, ਜਿਸ ਤਹਿਤ ਲਗਭੱਗ 70 ਹਜ਼ਾਰ ਭਾਰਤੀਆਂ ਨੂੰ ਵਿਦੇਸ਼ਾਂ 'ਚੋ ਕੱਢਿਆ ਜਾਵੇਗਾ।