9 ਘੰਟੇ ਲੰਬੇ ਸਫ਼ਰ ਦੌਰਾਨ ਯਾਤਰੀ ਦੀ ਬਿਜ਼ਨੈੱਸ ਕਲਾਸ ਸੀਟ ਨਹੀਂ ਹੋਈ ਰੀਕਲਾਈਨ ! ਹੁਣ Air India ਭਰੇਗੀ ਹਰਜਾਨਾ
Thursday, Aug 27, 2026 - 11:37 AM (IST)
ਨਵੀਂ ਦਿੱਲੀ- ਖਪਤਕਾਰ ਕਮਿਸ਼ਨ ਨੇ ਏਅਰ ਇੰਡੀਆ ਨੂੰ ਪੈਰਿਸ ਤੋਂ ਦਿੱਲੀ ਦੀ ਫਲਾਈਟ ਦੌਰਾਨ ਬਿਜ਼ਨੈੱਸ ਕਲਾਸ ਦੀ ਖ਼ਰਾਬ ਸੀਟ ਕਾਰਨ ਸਫ਼ਰ ਦੌਰਾਨ ਹੋਈ ਬੇਆਰਾਮੀ ਦੇ ਮੱਦੇਨਜ਼ਰ ਇੱਕ ਯਾਤਰੀ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ।
ਇਹ ਮਾਮਲਾ 2015 ਦਾ ਹੈ, ਜਦੋਂ ਦਿੱਲੀ ਦੇ 2 ਵਕੀਲ ਅਨਿਰੁੱਧ ਵਾਧਵਾ ਤੇ ਆਨੰਦਨਾ ਹਾਂਡਾ ਨੇ ਦਿੱਲੀ ਤੋਂ ਪੈਰਿਸ ਲਈ ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ ਦੀ ਟਿਕਟ ਲਗਭਗ 1.08 ਲੱਖ ਰੁਪਏ 'ਚ ਖਰੀਦੀ ਸੀ। ਸਫ਼ਰ ਦੌਰਾਨ ਸੀਟ ਦੇ ਰੀਕਲਾਈਨਿੰਗ ਸਿਸਟਮ 'ਚ ਖ਼ਰਾਬੀ ਅਤੇ ਕੋਈ ਹੋਰ ਖ਼ਾਮੀਆਂ ਮਿਲੀਆਂ, ਜਿਸ ਕਾਰਨ ਯਾਤਰੀ ਨੂੰ 9 ਘੰਟੇ ਦੇ ਲੰਬੇ ਸਫ਼ਰ ਦੌਰਾਨ ਪੂਰੇ ਪੈਸੇ ਦਿੱਤੇ ਜਾਣ ਦੇ ਬਾਵਜੂਦ ਕਾਫ਼ੀ ਬੇਆਰਾਮੀ ਦਾ ਸਾਹਮਣਾ ਕਰਨਾ ਪਿਆ।
ਖਪਤਕਾਰ ਕਮਿਸ਼ਨ ਨੇ ਇਸ ਨੂੰ ਸਰਵਿਸ 'ਚ ਕਮੀ ਮੰਨਦਿਆਂ ਏਅਰ ਇੰਡੀਆ ਨੂੰ ਯਾਤਰੀ ਦੀ ਟਿਕਟ ਦੇ ਪੈਸੇ ਵਾਪਸ ਕਰਨ ਅਤੇ ਮਾਨਸਿਕ ਖੱਜਲ-ਖੁਆਰੀ ਲਈ ਬਣਦਾ ਹਰਜਾਨਾ ਭਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਯਾਤਰੀ ਪ੍ਰੀਮੀਅਮ/ਬਿਜ਼ਨੈੱਸ ਕਲਾਸ ਦੀ ਮਹਿੰਗੀ ਟਿਕਟ ਖਰੀਦਦਾ ਹੈ, ਤਾਂ ਉਸ ਨੂੰ ਵਾਅਦੇ ਅਨੁਸਾਰ ਪੂਰੀਆਂ ਸੁਵਿਧਾਵਾਂ ਦੇਣਾ ਏਅਰਲਾਈਨ ਦੀ ਜ਼ਿੰਮੇਵਾਰੀ ਹੈ।
