ਹਸਪਤਾਲ ’ਚ ਇਲਾਜ ਦੌਰਾਨ ਏਅਰ ਹੋਸਟੈੱਸ ਨਾਲ ਜਬਰ-ਜ਼ਨਾਹ

Wednesday, Apr 16, 2025 - 04:27 AM (IST)

ਹਸਪਤਾਲ ’ਚ ਇਲਾਜ ਦੌਰਾਨ ਏਅਰ ਹੋਸਟੈੱਸ ਨਾਲ ਜਬਰ-ਜ਼ਨਾਹ

ਗੁੜਗਾਓਂ (ਧਰਮਿੰਦਰ) - ਸਦਰ ਥਾਣਾ ਇਲਾਕੇ ’ਚ ਸਥਿਤ ਇਕ ਮਸ਼ਹੂਰ ਹਸਪਤਾਲ ’ਚ ਇਲਾਜ ਦੌਰਾਨ ਏਅਰ ਹੋਸਟੈੱਸ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਏਅਰ ਹੋਸਟੈੱਸ ਵੈਂਟੀਲੇਟਰ ’ਤੇ ਬੇਹੋਸ਼ ਸੀ। ਇਸ ਦੌਰਾਨ ਹਸਪਤਾਲ ਦੇ ਕਿਸੇ ਸਟਾਫ ਮੈਂਬਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਮਹਿਲਾ ਸਦਰ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਅਣਪਛਾਤੇ ਮੁਲਜ਼ਮ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ 46 ਸਾਲਾ ਔਰਤ ਨੇ ਦੱਸਿਆ ਕਿ ਉਹ ਇਕ ਏਅਰਲਾਈਨਜ਼ ਕੰਪਨੀ ’ਚ ਏਅਰ ਹੋਸਟੈੱਸ ਹੈ ਅਤੇ ਗੁੜਗਾਓਂ ’ਚ ਟ੍ਰੇਨਿੰਗ ਲਈ ਆਈ ਹੋਈ ਸੀ ਅਤੇ ਇਕ ਹੋਟਲ ’ਚ ਰੁਕੀ ਸੀ। ਇਸ ਦੌਰਾਨ ਪਾਣੀ ’ਚ ਡੁੱਬਣ ਨਾਲ ਉਸ ਦੀ ਸਿਹਤ ਵਿਗੜ ਗਈ ਤੇ ਉਸ ਨੂੰ ਇਥੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। 

ਲੰਘੀ 6 ਅਪ੍ਰੈਲ ਨੂੰ ਉਸ ਦੇ ਪਤੀ ਨੇ ਉਸ ਨੂੰ ਇਲਾਜ ਲਈ ਇਕ ਮਸ਼ਹੂਰ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ 13 ਅਪ੍ਰੈਲ ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਲਾਜ ਦੌਰਾਨ 6 ਅਪ੍ਰੈਲ ਨੂੰ ਉਹ ਵੈਂਟੀਲੇਟਰ ’ਤੇ ਸੀ। ਇਸ ਦੌਰਾਨ ਹਸਪਤਾਲ  ਦੇ ਕਿਸੇ ਸਟਾਫ ਮੈਂਬਰ ਨੇ ਉਸ ਜਬਰ-ਜ਼ਨਾਹ ਕੀਤਾ। ਵੈਂਟੀਲੇਟਰ ’ਤੇ ਹੋਣ  ਕਾਰਨ ਉਹ ਕੁਝ ਬੋਲ ਨਹੀਂ ਸਕੀ ਅਤੇ ਬਹੁਤ ਡਰੀ ਹੋਈ ਸੀ। ਘਟਨਾ ਦੇ ਸਮੇਂ ਉਹ ਬੇਹੋਸ਼ੀ ਦੀ ਹਾਲਤ ’ਚ ਸੀ। ਛੁੱਟੀ ਮਿਲਣ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਪੁਲਸ ਦੇ ਬੁਲਾਰੇ ਸੰਦੀਪ ਕੁਮਾਰ  ਨੇ ਦੱਸਿਆ ਪੀੜਤਾ ਦੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਕਰਵਾਏ ਜਾ ਚੁੱਕੇ ਹਨ। ਪੁਲਸ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।


author

Inder Prajapati

Content Editor

Related News