ਸਕੂਲ-ਕਾਲਜਾਂ 'ਚ ਫੈਲ ਗਿਆ AIDS, 47 ਵਿਦਿਆਰਥੀਆਂ ਦੀ ਮੌਤ, 828 HIV ਪੀੜਤ
Tuesday, Jul 09, 2024 - 05:49 PM (IST)
ਤ੍ਰਿਪੁਰਾ : ਤ੍ਰਿਪੁਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ ਕਿ ਸੂਬੇ ਦੇ 828 ਵਿਦਿਆਰਥੀਆਂ ਨੂੰ ਐੱਚ.ਆਈ.ਵੀ. ਹੋਣ ਬਾਰੇ ਪਤਾ ਲੱਗਾ ਹੈ, ਇਨ੍ਹਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐੱਚ. ਆਈ. ਵੀ. ਤੋਂ ਪੀੜਤ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਯੂਨੀਵਰਸਿਟੀਆਂ ਜਾਂ ਵੱਡੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ ਪੜ੍ਹ ਰਹੇ ਹਨ। ਤ੍ਰਿਪੁਰਾ ਸਟੇਟ ਏਡਜ਼ ਕੰਟਰੋਲ ਸੋਸਾਇਟੀ -ਟੀ.ਐੱਸ.ਏ.ਸੀ.ਐੱਸ. ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 828 ਵਿਦਿਆਰਥੀਆਂ ਵਿੱਚ ਐੱਚ. ਆਈ. ਵੀ. ਦੀ ਲਾਗ ਦੀ ਪੁਸ਼ਟੀ ਹੋਈ ਹੈ। ਏਡਜ਼ ਕੰਟਰੋਲ ਸੁਸਾਇਟੀ ਨੇ 828 ਵਿਦਿਆਰਥੀਆਂ ਨੂੰ ਐੱਚ.ਆਈ.ਵੀ. ਪੀੜਤ ਹੋਣ ਵਜੋਂ ਰਜਿਸਟਰ ਕੀਤਾ ਹੈ, ਇਨ੍ਹਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਟੀ. ਐੱਸ. ਏ. ਸੀ. ਐੱਸ. ਨੇ ਸੂਬੇ ਦੇ 220 ਸਕੂਲਾਂ, 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ, ਜੋ ਨਸ਼ੇ ਦੀ ਲਤ ਕਾਰਨ ਟੀਕਿਆਂ ਦੀ ਵਰਤੋਂ ਕਰਦੇ ਹਨ।
ਤ੍ਰਿਪੁਰਾ ਜਰਨਲਿਸਟ ਯੂਨੀਅਨ, ਵੈੱਬ ਮੀਡੀਆ ਫੋਰਮ ਅਤੇ ਟੀ. ਐੱਸ. ਏ. ਸੀ. ਐੱਸ. ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਟੀ. ਐੱਸ. ਏ. ਸੀ. ਐੱਸ. ਦੇ ਸੰਯੁਕਤ ਡਾਇਰੈਕਟਰ ਨੇ ਇਹ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ 220 ਸਕੂਲਾਂ ਅਤੇ 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਵਿਦਿਆਰਥੀ ਨਸ਼ਿਆਂ ਦੇ ਆਦੀ ਪਾਏ ਗਏ ਹਨ।
ਟੀ. ਐੱਸ. ਏ. ਸੀ. ਐੱਸ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਈ 2024 ਤੱਕ, ਅਸੀਂ ਏ. ਆਰ. ਟੀ.-ਐਂਟੀਰੇਟ੍ਰੋਵਾਇਰਲ ਥੈਰੇਪੀ ਕੇਂਦਰਾਂ 'ਚ 8,729 ਲੋਕਾਂ ਨੂੰ ਰਜਿਸਟਰ ਕੀਤਾ ਹੈ। ਇਨ੍ਹਾਂ 'ਚ ਐੱਚ. ਆਈ. ਵੀ. ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 5,674 ਹੈ ਅਤੇ ਇਨ੍ਹਾਂ ਵਿੱਚੋਂ 4,570 ਪੁਰਸ਼, 1103 ਔਰਤਾਂ ਅਤੇ ਸਿਰਫ਼ ਇੱਕ ਮਰੀਜ਼ ਟਰਾਂਸਜੈਂਡਰ ਹੈ। ਐੱਚ. ਆਈ. ਵੀ. ਦੇ ਮਾਮਲਿਆਂ ਵਿੱਚ ਵਾਧੇ ਲਈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਟੀ. ਐੱਸ. ਏ. ਸੀ. ਐੱਸ. ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅਮੀਰ ਪਰਿਵਾਰਾਂ ਦੇ ਬੱਚੇ ਐੱਚ. ਆਈ. ਵੀ. ਨਾਲ ਪੀੜਤ ਪਾਏ ਗਏ ਹਨ। ਅਜਿਹੇ ਪਰਿਵਾਰ ਵੀ ਹਨ ਜਿੱਥੇ ਮਾਤਾ-ਪਿਤਾ ਦੋਵੇਂ ਸਰਕਾਰੀ ਨੌਕਰੀ 'ਤੇ ਹਨ।