ਜ਼ਬਰਦਸਤੀ ਪ੍ਰੇਮਿਕਾ ਤੋਂ ਰੱਖੜੀ ਬਨ੍ਹਵਾਉਣ ''ਤੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼
Wednesday, Aug 29, 2018 - 08:49 PM (IST)

ਤ੍ਰਿਪੁਰਾ- ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਇਕ ਅਧਿਆਪਕ ਨੇ 18 ਸਾਲ ਦੇ ਇਕ ਵਿਦਿਆਰਥੀ ਨੂੰ ਉਸਦੀ ਪ੍ਰੇਮਿਕਾ ਤੋਂ ਜ਼ਬਰਦਸਤੀ ਰੱਖੜੀ ਬਨ੍ਹਵਾਉਣ ਲਈ ਮਜਬੂਰ ਕੀਤਾ ਤਾਂ ਵਿਦਿਆਰਥੀ ਨੇ ਇਮਾਰਤ ਤੋਂ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਤੇ ਕੁੱਝ ਅਧਿਆਪਕਾਂ ਨੇ ਸੋਮਵਾਰ ਨੂੰ ਦਿਲੀਪ ਕੁਮਾਰ ਸਾਹਾ, ਉਸਦੀ ਪ੍ਰੇਮਿਕਾ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸੱਦਿਆ। ਪ੍ਰੇਮਿਕਾ ਨੂੰ ਸਾਹਾ ਦੀ ਗੁੱਟ 'ਤੇ ਰੱਖੜੀ ਬੰਨ੍ਹਣ ਲਈ ਕਿਹਾ ਗਿਆ, ਜਿਸ ਨੂੰ ਦੋਹਾਂ ਨੇ ਨਾਕਾਰ ਦਿੱਤਾ। ਕੁਝ ਦੇਰ ਬਾਅਦ ਸਾਹਾ ਸਕੂਲ ਦੀ ਦੂਜੀ ਇਮਾਰਤ 'ਤੇ ਗਿਆ ਤੇ ਉਥੋਂ ਛਾਲ ਮਾਰ ਦਿੱਤੀ। ਘਟਨਾ ਦੇ ਤੁਰੰਤ ਬਾਅਦ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਸਕੂਲ ਪ੍ਰਸ਼ਾਸਨ ਦੇ ਵਿਰੋਧ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ ਤੇ ਇਸ ਘਟਨਾ ਵਿਚ ਸ਼ਾਮਿਲ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।