ਮਹਾਰਾਣੀ ਐਲੀਜ਼ਾਬੈਥ-II ਦੇ ਦਿਹਾਂਤ ਮਗਰੋਂ ਟਵਿਟਰ 'ਤੇ 'ਕੋਹਿਨੂਰ' ਨੂੰ ਵਾਪਸ ਲਿਆਉਣ ਦੀ ਮੰਗ ਤੇਜ਼

Saturday, Sep 10, 2022 - 03:26 PM (IST)

ਮਹਾਰਾਣੀ ਐਲੀਜ਼ਾਬੈਥ-II ਦੇ ਦਿਹਾਂਤ ਮਗਰੋਂ ਟਵਿਟਰ 'ਤੇ 'ਕੋਹਿਨੂਰ' ਨੂੰ ਵਾਪਸ ਲਿਆਉਣ ਦੀ ਮੰਗ ਤੇਜ਼

ਨਵੀਂ ਦਿੱਲੀ/ਲੰਡਨ (ਭਾਸ਼ਾ)- ਬ੍ਰਿਟੇਨ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲੀਜ਼ਾਬੈਥ-II ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੀ ਮੰਗ ਫਿਰ ਤੋਂ ਉੱਠ ਰਹੀ ਹੈ। ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਦੇ ਰਾਜਗੱਦੀ ਸੰਭਾਲਣ ਦੇ ਨਾਲ ਹੀ 105 ਕੈਰੇਟ ਦਾ ਹੀਰਾ ਉਨ੍ਹਾਂ ਦੀ ਪਤਨੀ ਡਚੇਸ ਕਾਰਨਵਾਲ ਕੈਮਿਲਾ ਕੋਲ ਜਾਏਗਾ। ਕੋਹਿਨੂਰ ਇਕ ਵੱਡਾ, ਬੇਰੰਗ ਹੀਰਾ ਹੈ ਜੋ 14ਵੀਂ ਸਦੀ ਦੀ ਸ਼ੁਰੂਆਤ ਵਿਚ ਦੱਖਣੀ ਭਾਰਤ ਵਿਚ ਮਿਲਿਆ ਸੀ। ਇਹ ਬਸਤੀਵਾਦੀ ਦੌਰ ਦੌਰਾਨ ਬ੍ਰਿਟੇਨ ਦੇ ਹੱਥ ਵਿੱਚ ਆ ਗਿਆ ਸੀ ਅਤੇ ਹੁਣ ਇਤਿਹਾਸਕ ਮਾਲਕੀ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ’ਤੇ ਭਾਰਤ ਸਮੇਤ ਘੱਟ ਤੋਂ ਘੱਟ 4 ਦੇਸ਼ ਦਾਅਵਾ ਕਰਦੇ ਹਨ। ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੋਹਿਨੂਰ ਨੂੰ ਵਾਪਸ ਲਿਆਉਣ ਦੀਆਂ ਮੰਗਾਂ ਵਿਚ ਕੁਝ ਟਵਿਟਰ ਖ਼ਪਤਕਾਰਾਂ ਨੇ ਗੰਭੀਰਤਾ ਨਾਲ ਇਹ ਗੱਲ ਰੱਖੀ ਤਾਂ ਕੁਝ ਨੇ ਮਜ਼ਾਕੀਆ ਅੰਦਾਜ਼ ਨਾਲ ਇਸ ਮੁੱਦੇ ਨੂੰ ਚੁੱਕਿਆ।

ਇਹ ਵੀ ਪੜ੍ਹੋ: ਦੁਨੀਆ ਦੇ ਕਈ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ, ਹੁਣ ਹੋ ਸਕਦੀ ਹੈ ਤਬਦੀਲੀ!

ਭਾਰਤੀ ਪੁਰਾਤੱਤਵ ਸਰਵੇਖਣ ਨੇ ਕੁਝ ਸਾਲ ਪਹਿਲਾਂ ਇੱਕ ਆਰਟੀਆਈ ਦੇ ਜਵਾਬ ਵਿੱਚ ਕਿਹਾ ਸੀ ਕਿ ਲਗਭਗ 170 ਸਾਲ ਪਹਿਲਾਂ ਲਾਹੌਰ ਦੇ ਮਹਾਰਾਜਾ ਨੇ ਇੰਗਲੈਂਡ ਦੀ ਮਹਾਰਾਣੀ ਅੱਗੇ ਝੁਕ ਕੇ ਕੋਹਿਨੂਰ ਹੀਰਾ ਉਨ੍ਹਾਂ ਨੂੰ ਸੌਂਪਿਆ ਸੀ ਅਤੇ ਇਹ ਅੰਗਰੇਜ਼ਾਂ ਨੂੰ ਨਹੀਂ ਸੌਂਪਿਆ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦਾ ਪੱਖ ਇਹ ਸੀ ਕਿ ਲਗਭਗ 20 ਕਰੋੜ ਡਾਲਰ ਦੀ ਕੀਮਤ ਵਾਲਾ ਇਹ ਹੀਰਾ ਨਾ ਤਾਂ ਚੋਰੀ ਕੀਤਾ ਗਿਆ ਅਤੇ ਨਾ ਹੀ ਅੰਗਰੇਜ਼ ਹਾਕਮ ਇਸ ਨੂੰ ਜ਼ਬਰਦਸਤੀ ਲੈ ਗਏ, ਸਗੋਂ ਪੰਜਾਬ ਦੇ ਸਾਬਕਾ ਹਾਕਮਾਂ ਨੇ ਇਸ ਨੂੰ ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤਾ ਸੀ। ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਕਿਤਾਬ 'ਐਨ ਏਰਾ ਆਫ ਡਾਰਕਨੇਸ' ਕਿਤਾਬ 'ਚ ਲਿਖਿਆ ਹੈ ਕਿ ਕੋਹਿਨੂਰ ਨੂੰ ਕਿਸੇ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦਾ ਭਾਰ 158.6 ਗ੍ਰਾਮ ਸੀ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇਹ ਹੀਰਾ 13ਵੀਂ ਸਦੀ ਵਿੱਚ ਆਂਧਰਾ ਪ੍ਰਦੇਸ਼ ਦੇ ਗੁੰਟੂਰ ਨੇੜੇ ਮਿਲਿਆ ਸੀ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਨਾਦਿਰ ਸ਼ਾਹ ਨੇ ਹੀਰੇ ਦਾ ਨਾਂ ਕੋਹਿਨੂਰ ਰੱਖਿਆ ਸੀ। ਭਾਰਤ ਸਰਕਾਰ ਕਈ ਵਾਰ ਕੋਹਿਨੂਰ ਨੂੰ ਵਾਪਸ ਕਰਨ ਦੀ ਮੰਗ ਕਰਦੀ ਰਹੀ ਹੈ। ਸਭ ਤੋਂ ਪਹਿਲਾਂ ਇਸ ਸਬੰਧ ਵਿਚ ਮੰਗ 1947 ਵਿਚ ਕੀਤੀ ਗਈ ਸੀ। ਹਾਲਾਂਕਿ ਬ੍ਰਿਟਿਸ਼ ਸਰਕਾਰ ਭਾਰਤ ਦੇ ਕੋਹਿਨੂਰ ਦੇ ਦਾਅਵਿਆਂ ਨੂੰ ਖਾਰਿਜ਼ ਕਰਦੀ ਰਹੀ ਹੈ।

ਇਹ ਵੀ ਪੜ੍ਹੋ: ਮਹਾਰਾਣੀ ਐਲੀਜ਼ਾਬੇਥ ਦੇ ਸਨਮਾਨ ’ਚ ਪੂਰੇ ਬ੍ਰਿਟੇਨ ’ਚ ਵਜਾਈਆਂ ਗਈਆਂ ਚਰਚ ਦੀਆਂ ਘੰਟੀਆਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News