50 ਲੱਖ ਪਿੱਛੇ ਭਰਾ ਹੀ ਬਣ ਗਿਆ ਹੈਵਾਨ ! 9 ਸਾਲਾਂ ਬਾਅਦ ਖੁੱਲ੍ਹੇ ਭੇਤ ਨੇ ਹਰ ਕਿਸੇ ਨੂੰ ਕਰ''ਤਾ ਹੈਰਾਨ

Monday, Jun 01, 2026 - 04:28 PM (IST)

50 ਲੱਖ ਪਿੱਛੇ ਭਰਾ ਹੀ ਬਣ ਗਿਆ ਹੈਵਾਨ ! 9 ਸਾਲਾਂ ਬਾਅਦ ਖੁੱਲ੍ਹੇ ਭੇਤ ਨੇ ਹਰ ਕਿਸੇ ਨੂੰ ਕਰ''ਤਾ ਹੈਰਾਨ

ਨੈਸ਼ਨਲ ਡੈਸਕ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਲਗਭਗ 9 ਸਾਲ ਪੁਰਾਣੇ ਇੱਕ ਬੇਹੱਦ ਖ਼ੌਫ਼ਨਾਕ ਕਤਲ ਕਾਂਡ ਦਾ ਪਰਦਾਫਾਸ਼ ਕਰਦਿਆਂ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮ ਚੰਦਨ ਕੁਮਾਰ ਨੂੰ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਤੋਂ ਦਬੋਚਿਆ ਹੈ, ਜੋ ਲੰਬੇ ਸਮੇਂ ਤੋਂ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕਤਲ ਸਿਰਫ਼ 50 ਲੱਖ ਰੁਪਏ ਦੀ ਬੀਮਾ ਰਾਸ਼ੀ ਅਤੇ ਜਾਇਦਾਦ ਹੜੱਪਣ ਦੇ ਲਾਲਚ ਵਿੱਚ ਕੀਤਾ ਗਿਆ ਸੀ।

ਸਕੇ ਭਰਾ ਨੇ ਰਚੀ ਸੀ ਖੂਨੀ ਸਾਜ਼ਿਸ਼ 
ਇਹ ਮਾਮਲਾ 22 ਅਗਸਤ 2017 ਦਾ ਹੈ, ਜਦੋਂ ਦਿੱਲੀ ਦੇ ਬੁਰਾੜੀ ਇਲਾਕੇ ਵਿੱਚ 43 ਸਾਲਾ ਅਨੀਤਾ ਦੇਵੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ੁਰੂ ਵਿੱਚ ਮ੍ਰਿਤਕਾ ਦੇ ਭਰਾ ਕਮਲ ਕੁਮਾਰ ਨੇ ਪੁਲਸ ਨੂੰ ਗੁਮਰਾਹ ਕਰਨ ਲਈ ਇਸ ਕਤਲ ਦਾ ਸ਼ੱਕ ਅਨੀਤਾ ਦੇ ਪਤੀ 'ਤੇ ਜਤਾਇਆ ਸੀ। ਪਰ ਜਦੋਂ ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ, ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਅਨੀਤਾ ਨੇ ਆਪਣੀ 50 ਲੱਖ ਦੀ ਬੀਮਾ ਪਾਲਿਸੀ ਵਿੱਚ ਆਪਣੇ ਭਰਾ ਕਮਲ ਨੂੰ ਨਾਮਜ਼ਦ (Nominee) ਬਣਾਇਆ ਸੀ। ਭਾਰੀ ਕਰਜ਼ੇ ਵਿੱਚ ਡੁੱਬੇ ਕਮਲ ਨੇ ਬੀਮੇ ਦੇ ਪੈਸੇ ਅਤੇ ਮਕਾਨ ਹਾਸਲ ਕਰਨ ਲਈ ਆਪਣੇ ਸਾਲਿਆਂ ਚੰਦਨ ਅਤੇ ਕੁੰਦਨ ਨਾਲ ਮਿਲ ਕੇ ਆਪਣੀ ਹੀ ਸਕੀ ਭੈਣ ਦੇ ਕਤਲ ਦੀ ਵਿਉਂਤਬੰਦੀ ਕੀਤੀ।

9 ਸਾਲਾਂ ਬਾਅਦ ਹੋਈ ਗ੍ਰਿਫਤਾਰੀ
 ਪੁਲਸ ਨੇ ਮੁੱਖ ਮੁਲਜ਼ਮ ਕਮਲ ਕੁਮਾਰ ਨੂੰ 2017 ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ, ਪਰ ਚੰਦਨ ਅਤੇ ਕੁੰਦਨ ਫਰਾਰ ਹੋ ਗਏ ਸਨ। ਅਦਾਲਤ ਨੇ 2018 ਵਿੱਚ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਸੀ। ਹਾਲ ਹੀ ਵਿੱਚ ਕ੍ਰਾਈਮ ਬ੍ਰਾਂਚ ਨੂੰ ਤਕਨੀਕੀ ਨਿਗਰਾਨੀ ਰਾਹੀਂ ਪਤਾ ਲੱਗਾ ਕਿ ਚੰਦਨ ਬਿਹਾਰ ਵਿੱਚ ਲੁਕਿਆ ਹੋਇਆ ਹੈ, ਜਿਸ ਤੋਂ ਬਾਅਦ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਤੀਜੇ ਦੋਸ਼ੀ ਕੁੰਦਨ ਦੀ 2018 ਵਿੱਚ ਹੀ ਮੌਤ ਹੋ ਚੁੱਕੀ ਹੈ।

ਇਨਸਾਫ਼ ਦੀ ਉਮੀਦ 
ਚੰਦਨ ਦੀ ਗ੍ਰਿਫਤਾਰੀ ਨਾਲ ਦਿੱਲੀ ਪੁਲਸ ਨੇ ਇੱਕ ਅਜਿਹਾ ਕੇਸ ਸੁਲਝਾ ਲਿਆ ਹੈ ਜੋ ਲਗਭਗ ਇੱਕ ਦਹਾਕੇ ਤੋਂ ਅਧੂਰਾ ਸੀ। ਪੁਲਿਸ ਅਨੁਸਾਰ ਦੋਸ਼ੀ ਨੇ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਹੁਣ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News