ਜ਼ਿਲਾ ਪ੍ਰਸ਼ਾਸਨ ਨੇ ਬਚਾਈ ਲੜਕੀ ਦੀ ਜ਼ਿੰਦਗੀ, ਰੁਕਵਾਇਆ ਵਿਆਹ

04/27/2016 4:15:32 PM

ਸਿਵਨੀ— ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲੇ ਦੇ ਲਖਨਾਦੌਨ ''ਚ 10ਵੀਂ ਜਮਾਤ ਦੀ ਇਕ ਨਾਬਾਲਗ ਵਿਦਿਆਰਥਣ ਦਾ ਵਿਆਹ ਜ਼ਿਲਾ ਪ੍ਰਸ਼ਾਸਨ ਨੇ ਲੜਕੀ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਸਮਝਾ ਕੇ ਰੁਕਵਾ ਦਿੱਤਾ। ਲਖਨਾਦੌਨ ਮਹਿਲਾ ਅਤੇ ਬਾਲ ਵਿਕਾਸ ਯੋਜਨਾ ਅਧਿਕਾਰੀ ਰਾਜਸ਼੍ਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਯੁੱਧਿਆ ਬਸਤੀ ਦੇ ਰਹਿਣ ਵਾਲੇ ਤਾਮਸਿੰਘ ਡਹੇਰੀਆ ਦੀ 16 ਸਾਲਾ ਪੁੱਤਰੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੋਸ਼ੰਗਾਬਾਦ ਜ਼ਿਲੇ ਦੇ ਘੋਘਰੀ ਪਿੰਡ ਵਾਸੀ 25 ਸਾਲਾ ਲਾੜੇ ਨਾਲ ਨਾਬਾਲਗ ਵਿਦਿਆਰਥਣ ਦਾ ਵਿਆਹ ਤੈਅ ਹੋਇਆ ਸੀ ਅਤੇ 26 ਅਪ੍ਰੈਲ ਨੂੰ ਲਾੜੇ ਪੱਖ ਵਾਲੇ ਬਾਰਾਤ ਲੈ ਕੇ ਲਖਨਾਦੌਨ ਪਹੁੰਚਣ ਵਾਲੇ ਸਨ। 
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪ੍ਰਸ਼ਾਸਨਕ ਅਧਿਕਾਰੀਆਂ ਨੇ ਲੜਕੀ ਪੱਖ ਦੇ ਘਰ ਪਹੁੰਚ ਕੇ ਜਨਮ ਸੰਬੰਧੀ ਦਸਤਾਵੇਜ਼ ਦਾ ਮਿਲਾਨ ਕੀਤਾ। ਜਾਂਚ ਕਰਨ ''ਤੇ ਲੜਕੀ ਦੀ ਉਮਰ 15 ਸਾਲ 7 ਮਹੀਨੇ ਨਿਕਲੀ। ਰਾਜਸ਼੍ਰੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਤਰਕ ਦਿੱਤਾ ਕਿ ਦਾਖਲੇ ਦੇ ਸਮੇਂ ਸਕੂਲ ''ਚ ਲੜਕੀ ਦੀ ਉਮਰ ਘੱਟ ਦਰਜ ਕਰਵਾਈ ਗਈ ਹੈ ਪਰ ਅਧਿਕਾਰੀਆਂ ਨੇ ਇਸ ਤਰਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਮਝਾ ਕੇ ਮਾਤਾ-ਪਿਤਾ ਨੂੰ ਨਾਬਾਲਗ ਪੁੱਤਰੀ ਦਾ ਵਿਆਹ ਨਾ ਕਰਨ ਸੰਬੰਧੀ ਸਹੁੰ ਪੱਤਰ ਭਰਵਾ ਕੇ ਵਿਆਹ ਨੂੰ ਰੁਕਵਾ ਦਿੱਤਾ ਗਿਆ। 
ਦੱਸਣ ਯੋਗ ਹੈ ਕਿ ਦੇਸ਼ ''ਚ 21 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦਾ ਵਿਆਹ ਬਾਲ ਵਿਆਹ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਕਿ ਕਾਨੂੰਨੀ ਅਪਰਾਧ ਹੈ। ਬਾਲ ਵਿਆਹ ਮਨਾਹੀ ਐਕਟ-2006 ਤਹਿਤ ਦੋਸ਼ੀ ਨੂੰ ਦੋ ਸਾਲ ਤੱਕ ਦੀ ਜੇਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਦੇ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਦੀ ਵਿਵਸਥਾ ਹੈ।


Tanu

News Editor

Related News