ਅਭੈ ਚੌਟਾਲਾ ਨੇ ਵਿਧਾਇਕ ਅਹੁਦੇ ਦੀ ਚੁੱਕੀ ਸਹੁੰ, ਬੋਲੇ- ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗਾ
Monday, Nov 08, 2021 - 06:26 PM (IST)
ਚੰਡੀਗੜ੍ਹ/ਹਰਿਆਣਾ (ਵਾਰਤਾ)— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਆਗੂ ਅਤੇ ਏਲਨਾਬਾਦ ਦੇ ਨਵੇਂ ਚੁਣੇ ਗਏ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਵਿਧਾਨ ਸਭਾ ’ਚ ਵਿਧਾਇਕ ਅਹੁਦੇ ਦੀ ਸਹੁੰ ਚੁੱਕੀ। ਸਪੀਕਰ ਗਿਆਨਚੰਦ ਗੁਪਤਾ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਸਹੁੰ ਚੁਕਾਈ। ਚੌਟਾਲਾ ਵਿਧਾਇਕ ਅਹੁਦੇ ਦੀ ਸਹੁੰ ਚੁੱਕਣ ਲਈ ਟਰੈਕਟਰ ’ਤੇ ਵਿਧਾਨ ਸਭਾ ਪਹੁੰਚੇ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਨਤੀਜੇ: ਇਕ ਵਾਰ ਫਿਰ ਅਭੈ ਚੌਟਾਲਾ ਦੇ ਸਿਰ ਸਜਿਆ ਏਲਨਾਬਾਦ ਦਾ ਤਾਜ
ਅਭੈ ਚੌਟਾਲਾ ਨੇ ਵਿਧਾਇਕ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਪ੍ਰੈੱਸ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਵਿਰੋਧੀ ਧਿਰ ਦੇ ਤੌਰ ’ਤੇ ਕਿਸਾਨ ਅਤੇ ਜਨਤਾ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਚੁੱਕਦਾ ਰਹਾਂਗਾ। ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਹੁਣ ਵਿਧਾਨ ਸਭਾ ’ਚ ਕਿਸਾਨਾਂ ਦਾ ਪੱਖ ਫਿਰ ਮਜ਼ਬੂਤੀ ਨਾਲ ਰੱਖਾਂਗਾ। ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਅਤੇ ਕਿਸਾਨਾਂ ਦੀ ਫ਼ਸਲ ਅਤੇ ਨਸਲ ਦੀ ਰਾਖੀ ਕਰਨਾ ਹੀ ਮੇਰਾ ਸਭ ਤੋਂ ਵੱਡਾ ਧਰਮ ਅਤੇ ਕਰਮ ਹੈ। ਚੌਧਰੀ ਦੇਵੀਲਾਲ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗਾ। ਏਲਨਾਬਾਦ ਵਾਲਿਆਂ ਦੀ ਵੋਟ ਦੀ ਹੀ ਤਾਕਤ ਹੈ, ਜੋ ਅੱਜ ਕਿਸਾਨਾਂ ਦਾ ਟਰੈਕਟਰ ਵਿਧਾਨ ਸਭਾ ’ਚ ਪਹੁੰਚਿਆ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਹਰਿਆਣਾ ਸਰਕਾਰ ਨੇ ਦਿੱਤਾ ਤੋਹਫ਼ਾ, ਪੈਟਰੋਲ-ਡੀਜ਼ਲ ’ਤੇ ਘਟਾਇਆ ਵੈਟ
ਅਭੈ ਨੇ ਅੱਗੇ ਕਿਹਾ ਕਿ ਉਹ ਜਲਦੀ ਹੀ ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਵਿਚਾਲੇ ਜਾਣਗੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸ਼ੇਰ ਨੂੰ ਜ਼ਖਮੀ ਕੀਤਾ ਜਾ ਸਕਦਾ ਹੈ ਪਰ ਗਿੱਦੜ ਕਦੇ ਰਾਜ ਨਹੀਂ ਕਰ ਸਕਦੇ। ਪਿਛਲੀ ਵਾਰ ਜੇ. ਜੇ. ਪੀ. ਦੇ ਨੇਤਾਵਾਂ ਨੇ ਕਿਹਾ ਸੀ ਕਿ ਅਸੀਂ ਏਲਨਾਬਾਦ ਵਿਚ ਪ੍ਰਚਾਰ ਨਹੀਂ ਕੀਤਾ, ਇਸ ਲਈ ਮੈਂ ਜਿੱਤ ਗਿਆ। ਇਸ ਵਾਰ ਤਾਂ ਭਰਾ ਅਜੇ ਚੌਟਾਲਾ, ਦੋਵੇਂ ਭਰਾ (ਦੁਸ਼ਯੰਤ ਅਤੇ ਦਿਗਵਿਜੇ) ਵੀ ਰਾਤ ਦੇ ਦੋ-ਦੋ ਵਜੇ ਤੱਕ ਪ੍ਰਚਾਰ ਕਰ ਰਹੇ ਸਨ ਪਰ ਮੈਂ ਫਿਰ ਜਿੱਤ ਗਿਆ।