‘ਆਪ’ ਵਿਧਾਇਕ ਨੂੰ ਜਾਨ ਤੋਂ ਮਾਰਨ ਦੀ ਧਮਕੀ

06/24/2022 11:19:33 AM

ਨਵੀਂ ਦਿੱਲੀ– ਆਮ ਆਦਮੀ ਪਾਰਟੀ (ਆਪ) ਦੇ ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੂੰ ਖਤਰਨਾਕ ਗੈਂਗਸਟਰ ਨੀਰਜ ਬਵਾਨੀਆ ਦੇ ਨਾਂ ਨਾਲ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਵਿਧਾਇਕ ਸੰਜੀਵ ਝਾਅ ਤੋਂ 10 ਲੱਖ ਰੁਪਏ ਦੀ ਪ੍ਰੋਟੈਕਸ਼ਨ ਮਨੀ ਦੀ ਮੰਗ ਕੀਤੀ ਗਈ। ਇਸ ਮਾਮਲੇ ’ਚ ਵਿਧਾਇਕ ਸੰਜੀਵ ਝਾਅ ਨੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੂੰ ਸ਼ਿਕਾਇਤ ਕੀਤੀ ਸੀ, ਜਿਸ ’ਤੇ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੰਜੀਵ ਝਾਅ ਨੇ ਸਪੈਸ਼ਲ ਸੈੱਲ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਨੂੰ 20 ਮਈ ਨੂੰ ਵਟਸਐਪ ’ਤੇ ਕਾਲ ਆਈ, ਕਾਲਰ ਨੇ ਖੁਦ ਨੂੰ ਦਿੱਲੀ ਦੇ ਖਤਰਨਾਕ ਗੈਂਗਸਟਰ ਨੀਰਜ ਬਵਾਨੀਆ ਦਾ ਭਰਾ ਵਿੱਕੀ ਕੋਬਰਾ ਦੱਸਿਆ ਅਤੇ ਕਿਹਾ ਕਿ 10 ਲੱਖ ਰੁਪਏ ਪ੍ਰੋਟੈਕਸ਼ਨ ਮਨੀ ਅੱਜ ਨਾ ਦਿੱਤੀ ਗਈ ਤਾਂ ਜਾਨ ਤੋਂ ਮਾਰ ਦੇਵਾਂਗਾ।

ਹੁਣ ਤੱਕ ਕਰੀਬ 35 ਕਾਲਾਂ ਅਤੇ ਆਡੀਓ ਮੈਸੇਜ ਆ ਚੁੱਕੇ ਹਨ। ਸੰਜੀਵ ਝਾਅ ਨੇ ਸਪੈਸ਼ਲ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਵਿਧਾਇਕ ਨੇ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਫਿਲਹਾਲ ਸਪੈਸ਼ਲ ਸੈੱਲ ਨੇ ਐੱਫ. ਆਈ. ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੀਰਜ ਬਵਾਨੀਆ ਦਿੱਲੀ ਦਾ ਇਕ ਬਹੁਤ ਹੀ ਖਤਰਨਾਕ ਗੈਂਗਸਟਰ ਹੈ, ਜੋ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹੈ ਅਤੇ ਤਿਹਾੜ ਤੋਂ ਹੀ ਦਿੱਲੀ-ਐੱਨ. ਸੀ. ਆਰ. ਵਿਚ ਆਪਣਾ ਗੈਂਗ ਚਲਾ ਰਿਹਾ ਹੈ।


Rakesh

Content Editor

Related News