''ਆਪ'' ਆਗੂ ਨੇ ਕੰਗਣਾ ਨੂੰ ਉਨ੍ਹਾਂ ਦੀ ‘ਭੀਖ'' ਵਾਲੀ ਟਿੱਪਣੀ ''ਤੇ ਭੇਜਿਆ ਕਾਨੂੰਨੀ ਨੋਟਿਸ
Wednesday, Nov 17, 2021 - 09:14 PM (IST)
ਮੁੰਬਈ - ਆਮ ਆਦਮੀ ਪਾਰਟੀ (ਆਪ) ਦੀ ਮੁੰਬਈ ਇਕਾਈ ਦੇ ਇੱਕ ਅਧਿਕਾਰੀ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਉਨ੍ਹਾਂ ਦੀ ਹਾਲਿਆ ਟਿੱਪਣੀ 'ਤੇ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਨੂੰ ‘‘ਭੀਖ‘‘ ਦੱਸਿਆ ਸੀ। 'ਆਪ' ਮੁੰਬਈ ਇਕਾਈ ਦੇ ਸੰਯੁਕਤ ਸਕੱਤਰ ਅਤੇ ਆਜ਼ਾਦੀ ਘੁਲਾਟੀਏ ਦੇ ਬੇਟੇ ਮਹਾਂਦੇਵ ਕਾਲਮੰਦਰਗਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਣੌਤ ਨੂੰ ਨੋਟਿਸ ਭੇਜਿਆ ਹੈ। ਕਾਲਮੰਦਰਗਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੇਰੇ ਪਿਤਾ ਵਿੱਠਲਰਾਵ ਕਾਲਮੰਦਰਗਾ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਧਿੰਗਾਣਾ ਬ੍ਰਿਟਿਸ਼ ਸ਼ਾਸਨ ਨੂੰ ਉਖਾੜ ਸੁੱਟਣ ਲਈ ਆਪਣੀ ਪੂਰੀ ਜ਼ਿੰਦਗੀ ਆਜ਼ਾਦੀ ਸੰਘਰਸ਼ ਲਈ ਸਮਰਪਿਤ ਕਰ ਦਿੱਤੀ। ਇਹ ਨਫ਼ਰਤ ਭਰਿਆ ਬਿਆਨ (ਰਣੌਤ ਦੁਆਰਾ) ਭਾਰਤੀ ਸੁਤੰਤਰਤਾ ਸੰਗਰਾਮ ਅਤੇ ਇਸਦੇ ਸਤਿਕਾਰਤ ਨੇਤਾਵਾਂ ਨੂੰ ਅਪਮਾਨਿਤ ਅਤੇ ਬਦਨਾਮ ਕਰਨ ਵਾਲਾ ਹੈ।"
ਕਾਲਮੰਦਰਗਾ ਨੇ ਕਿਹਾ, ‘‘ਆਮ ਆਦਮੀ ਪਾਰਟੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ (ਉੱਧਵ ਠਾਕਰੇ) ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ (ਰਣੌਤ ਦੇ) ਨਾਗਰਿਕ ਸਨਮਾਨ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਅਰਜ਼ੀ ਦੇਣ ਦੀ ਬੇਨਤੀ ਕੀਤੀ ਹੈ।‘‘ ਹਾਲ ਹੀ ਵਿੱਚ ਪਦਮਸ਼੍ਰੀ ਇਨਾਮ ਨਾਲ ਸਨਮਾਨਿਤ ਰਣੌਤ ਪਿਛਲੇ ਹਫਤੇ ਆਪਣੀਆਂ ਉਨ੍ਹਾਂ ਟਿੱਪਣੀਆਂ ਲਈ ਵਿਵਾਦਾਂ ਵਿੱਚ ਘਿਰ ਗਈਆਂ ਕਿ ਭਾਰਤ ਨੂੰ 2014 ਵਿੱਚ ਅਸਲੀ ਆਜ਼ਾਦੀ ਮਿਲੀ, ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਆਈ ਸੀ ਅਤੇ 1947 ਵਿੱਚ ਦੇਸ਼ ਦੀ ਆਜ਼ਾਦੀ ਨੂੰ ‘‘ਭੀਖ‘‘ ਦੱਸਿਆ ਸੀ। ਪਿਛਲੇ ਹਫਤੇ ਆਮ ਆਦਮੀ ਪਾਰਟੀ ਦੇ ਨੇਤਾ ਪ੍ਰੀਤੀ ਸ਼ਰਮਾ ਮੇਨਨ ਨੇ ਮੁੰਬਈ ਪੁਲਸ ਨੂੰ ਇੱਕ ਅਰਜ਼ੀ ਦਿੱਤੀ ਸੀ, ਜਿਸ ਵਿੱਚ ਰਣੌਤ ਖ਼ਿਲਾਫ਼ ‘‘ਦੇਸ਼ਧ੍ਰੋਹ ਵਾਲੇ ਅਤੇ ਭੜਕਾਊ ਬਿਆਨਾਂ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।