ਆਮ ਆਦਮੀ ਪਾਰਟੀ ਨੇ ਆਰਡੀਨੈਂਸ ਦੇ ਮੁੱਦੇ ''ਤੇ ਕਾਂਗਰਸ ਦੀ ਦਿੱਲੀ ਇਕਾਈ ਦੀ ਨਿੰਦਾ ਕੀਤੀ
Thursday, May 25, 2023 - 05:21 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੌਰਭ ਭਾਰਦਵਾਜ ਨੇ ਦਿੱਲੀ ਸੇਵਾ ਮਾਮਲੇ 'ਤੇ ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ ਕਾਂਗਰਸ 'ਤੇ 'ਮੌਕਾਪ੍ਰਸਤ ਰਾਜਨੀਤੀ' ਕਰਨ ਦਾਦੋਸ਼ ਲਗਾਇਆ। ਭਾਰਦਵਾਜ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਤਰ੍ਹਾਂ ਜਿੱਥੇ ਕਾਂਗਰਸ ਦੀ ਪ੍ਰਦੇਸ਼ ਇਕਾਈ ਦਿੱਲੀ ਸੇਵਾ ਦੇ ਮੁੱਦੇ 'ਤੇ 'ਆਪ' ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਰਹੀ ਹੈ, ਉੱਥੇ ਹੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ 2002 'ਚ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਵਿਧਾਨ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਸੀ।
ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਸ਼ੀਲਾ ਦਿਕਸ਼ਿਤ ਨੇ ਪਹਿਲਾਂ ਕੇਂਦਰ ਸਰਕਾਰ ਦੇ ਆਦੇਸ਼ਾਂ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਲੋਕਤਾਂਤਰਿਕ ਪਰੰਪਰਾਵਾਂ ਦਾ ਉਲੰਘਣ ਹੈ। ਉਨ੍ਹਾਂ ਕੇਂਦਰ ਦੇ ਖਿਲਾਫ 2002 'ਚ ਦਿੱਲੀ ਵਿਧਾਨ ਸਭਾ 'ਚ ਇਸੇ ਤਰ੍ਹਾਂ ਦਾ ਇਕ ਪ੍ਰਸਤਾਵ ਪੇਸ਼ ਕੀਤਾ ਸੀ ਕਿਉਂਕਿ ਕੇਂਦਰ ਨੇ ਕਿਹਾ ਸੀ ਕਿ ਉਹ ਦਿੱਲੀ ਸਰਕਾਰ ਨੂੰ ਮਾਣਤਾ ਨਹੀਂ ਦਿੰਦੇ ਅਤੇ ਦਿੱਲੀ 'ਚ ਸਿਰਫ ਇਕ ਹੀ ਸਰਕਾਰ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਜੋ ਕਰ ਰਹੀ ਹੈ, ਉਹ ਮੌਕਾਪ੍ਰਸਤ ਰਾਜਨੀਤੀ ਹੈ ਅਤੇ ਉਹ ਭਾਜਪਾ ਲਈ ਕੰਮ ਕਰ ਰਹੀ ਹੈ। ਕਾਂਗਰਸ ਦੇ ਅਜਿਹੇ ਨੇਤਾਵਾਂ ਦੇ ਬਿਆਨ ਆ ਰਹੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਪਾਸੇ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਸੰਦੀਪ ਦਿਕਸ਼ਿਤ ਅਤੇ ਸੀਨੀਅਰ ਨੇਤਾ ਅਜੈ ਮਾਕਨ ਨੇ ਪੁਰਜ਼ੋਰ ਸ਼ਬਦਾਂ 'ਚ ਕਿਹਾ ਸੀ ਕਿ ਦਿੱਲੀ 'ਚ ਕੰਮ ਨਾ ਕਰਨ ਦੇਣ ਦਾ 'ਆਪ' ਦਾ ਦੋਸ਼ ਸਿਰਫ ਬਹਾਨਾ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮੁੱਦੇ 'ਤੇ ਕੋਈ ਸਮਰਥਨ ਨਹੀਂ ਦਿੱਤਾ ਜਾਣਾ ਚਾਹੀਦਾ।