ਬੱਸ ਸਟੈਂਡ ''ਤੇ ਸ਼ਖ਼ਸ ਨੂੰ ਮਾਰੀ ਗੋਲੀ, ਘਟਨਾ CCTV ''ਚ ਕੈਦ

Saturday, Aug 24, 2024 - 11:27 AM (IST)

ਰੋਹਤਕ- ਬਦਮਾਸ਼ਾਂ ਨੂੰ ਪੁਲਸ ਦਾ ਕੋਈ ਖ਼ੌਫ ਨਹੀਂ ਹੈ, ਉਹ ਆਸਾਨੀ ਨਾਲ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਅਜਿਹੀ ਹੀ ਇਕ ਘਟਨਾ ਅੱਜ ਰੋਹਤਕ ਜ਼ਿਲ੍ਹੇ ਦੇ ਗਾਂਧਰਾ ਪਿੰਡ ਵਿਚ ਵਾਪਰੀ। ਪਿੰਡ ਦੇ ਬੱਸ ਸਟੈਂਡ 'ਤੇ ਦਿਨ-ਦਿਹਾੜੇ ਨੌਜਵਾਨ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਗਈ ਅਤੇ ਘਟਨਾ ਨੂੰ ਅੰਜਾਮ ਦੇ ਕੇ ਕਾਰ ਸਵਾਰ ਬਦਮਾਸ਼ ਫ਼ਰਾਰ ਹੋ ਗਏ। ਫ਼ਿਲਹਾਲ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਰੋਹਤਕ ਪੀ. ਜੀ. ਆਈ. ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਬੱਸ ਸਟੈਂਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਫਾਇਰਿੰਗ ਦੀ ਘਟਨਾ ਕੈਦ ਹੋ ਗਈ। ਇਸ ਮਾਮਲੇ ਵਿਚ ਸਾਂਪਲਾ ਥਾਣਾ ਪੁਲਸ ਜਾਂਚ ਵਿਚ ਜੁੱਟੀ ਹੈ। ਫਾਇਰਿੰਗ ਦੀ ਇਸ ਘਟਨਾ ਦੇ ਪਿੱਛੇ ਆਪਸੀ ਰੰਜ਼ਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

ਗਾਂਧਰਾ ਪਿੰਡ ਦਾ ਰਹਿਣ ਵਾਲਾ ਰਾਜੀਵ ਉਰਫ਼ ਢੀਲਾ ਆਪਣੇ ਖੇਤ ਵਿਚੋਂ ਬਾਈਕ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਅਤੇ ਜਿਵੇਂ ਹੀ ਉਹ ਪਿੰਡ ਦੇ ਬੱਸ ਸਟੈਂਡ 'ਤੇ ਪਹੁੰਚਿਆ ਤਾਂ ਕਾਰ ਸਵਾਰ ਬਦਮਾਸ਼ ਘਾਤ ਲਾ ਕੇ ਬੈਠੇ ਸਨ। ਉਨ੍ਹਾਂ ਨੇ ਰਾਜੀਵ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਦੇ ਚੱਲਦੇ ਗੋਲੀਆਂ ਰਾਜੀਵ ਨੂੰ ਲੱਗੀਆਂ। ਫਾਇਰਿੰਗ ਦੀ ਇਸ ਘਟਨਾ ਨੂੰ ਅੰਜਾਮ ਦੇ ਕੇ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਮਗਰੋਂ ਪਿੰਡ ਵਾਸੀਆਂ ਨੇ ਜ਼ਖ਼ਮੀ ਰਾਜੀਵ ਨੂੰ ਲੈ ਕੇ ਹਸਪਤਾਲ ਪਹੁੰਚੇ ਪਰ ਉੱਥੇ ਗੰਭੀਰ ਹਾਲਤ ਨੂੰ ਵੇਖਦੇ ਹੋਏ ਰਾਜੀਵ ਨੂੰ ਰੋਹਤਕ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਅਜੇ ਇਹ ਖ਼ੁਲਾਸਾ ਨਹੀਂ ਹੋ ਸਕਿਆ ਕਿ ਹਮਲਾਵਰ ਕੌਣ ਸਨ। 

ਸੀ. ਸੀ. ਟੀ. ਵੀ ਕੈਮਰੇ ਵਿਚ 4 ਹਮਲਾਵਰ ਹਥਿਆਰਾਂ ਨਾਲ ਰਾਜੀਵ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ ਅਤੇ ਇਕ ਬਦਮਾਸ਼ ਰਾਜੀਵ 'ਤੇ ਗੋਲੀਬਾਰੀ ਵੀ ਕਰ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਾਂਪਲਾ ਥਾਣਾ ਇੰਚਾਰਜ ਬਿਜੇਂਦਰ ਸਿੰਘ ਪਿੰਡ ਪੁੱਜੇ ਅਤੇ ਮੌਕੇ ਦਾ ਮੁਆਇਨਾ ਕੀਤਾ ਅਤੇ ਫਿਰ ਰੋਹਤਕ ਪੀ.ਜੀ.ਆਈ. ਪਹੁੰਚੇ। SHO ਵਿਜੇਂਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਮਾਮਲੇ ਦਾ ਪੂਰਾ ਪਤਾ ਲੱਗ ਸਕੇਗਾ ਅਤੇ ਫਿਲਹਾਲ ਉਹ ਜਾਂਚ ਕਰਨ ਵਿਚ ਜੁਟੇ ਹੋਏ ਹਨ।


Tanu

Content Editor

Related News