ਸਿਲੰਡਰ ਫਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 60 ਲੋਕ ਝੁਲਸੇ, 2 ਸਾਲਾ ਬੱਚੇ ਦੀ ਮੌਤ
Thursday, Dec 08, 2022 - 08:57 PM (IST)
ਨੈਸ਼ਨਲ : ਜੋਧਪੁਰ 'ਚ ਵਿਆਹ ਸਮਾਗਮ 'ਚ ਪੰਜ ਗੈਸ ਸਿਲੰਡਰਾਂ 'ਚ ਧਮਾਕਾ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਹਾਦਸੇ ਵਿੱਚ 60 ਲੋਕ ਝੁਲਸ ਗਏ ਅਤੇ ਇੱਕ ਦੋ ਸਾਲਾ ਬੱਚੇ ਦੀ ਝੁਲਸਣ ਕਾਰਨ ਮੌਤ ਹੋ ਗਈ। ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਮਾਮਲਾ ਵੀਰਵਾਰ ਸ਼ਾਮ ਸ਼ੇਰਗੜ੍ਹ ਨੇੜਲੇ ਪਿੰਡ ਭੂੰਗੜਾ ਦਾ ਹੈ। ਇੱਥੇ ਤਖ਼ਤ ਸਿੰਘ ਦੇ ਘਰ ਵਿਆਹ ਸਮਾਗਮ ਸੀ। ਬਾਰਾਤ ਘਰੋਂ ਨਿਕਲਣ ਹੀ ਵਾਲੀ ਸੀ ਕਿ ਅਚਾਨਕ ਸਿਲੰਡਰ ਫਟ ਗਿਆ।
ਜਿੱਥੇ ਇਹ ਘਟਨਾ ਵਾਪਰੀ ਉੱਥੇ ਵੱਡੀ ਗਿਣਤੀ ਵਿੱਚ ਬਾਰਾਤੀ ਮੌਜੂਦ ਸਨ। ਝੁਲਸੇ ਹੋਏ ਲੋਕਾਂ ਨੂੰ ਸ਼ੇਰਗੜ੍ਹ ਲਿਆਂਦਾ ਗਿਆ। ਇੱਥੋਂ ਦੇ ਕੁਝ ਲੋਕਾਂ ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਦੇ ਬਰਨ ਯੂਨਿਟ ਲਈ ਰੈਫਰ ਕੀਤਾ ਗਿਆ ਹੈ। ਐੱਸ.ਪੀ ਦਿਹਾਤੀ ਅਨਿਲ ਕਯਾਲ ਨੇ ਦੱਸਿਆ ਕਿ ਕਰੀਬ ਪੰਜ ਸਿਲੰਡਰ ਫਟ ਗਏ। ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਲੀਕ ਹੋ ਗਿਆ ਅਤੇ ਅੱਗ ਲੱਗ ਗਈ। ਇਸ ਦੌਰਾਨ ਨੇੜਲੇ ਪੰਜ ਸਿਲੰਡਰਾਂ ਨੂੰ ਵੀ ਅੱਗ ਲੱਗ ਗਈ ਅਤੇ ਧਮਾਕੇ ਹੋਣ ਲੱਗੇ। ਜਿੱਥੇ ਸਿਲੰਡਰ ਫਟਿਆ, ਉੱਥੇ ਕਰੀਬ 100 ਲੋਕ ਮੌਜੂਦ ਸਨ।
ਜੋਧਪੁਰ ਹਸਪਤਾਲ ਪ੍ਰਸ਼ਾਸਨ ਅਲਰਟ
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਦੇ ਪ੍ਰਬੰਧਕਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ। ਸ਼ੇਰਗੜ੍ਹ ਤੋਂ ਵਿਧਾਇਕ ਮੀਨਾ ਕੰਵਰ ਵੀ ਹਸਪਤਾਲ ਪਹੁੰਚ ਗਏ ਹਨ। ਸ਼ਾਮ 5.30 ਵਜੇ ਦੇ ਕਰੀਬ ਇਕ ਤੋਂ ਬਾਅਦ ਇਕ ਜ਼ਖਮੀ ਹਸਪਤਾਲ ਪਹੁੰਚੇ, ਜਿਸ ਨਾਲ ਹਸਪਤਾਲ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।