ਉਪ-ਰਾਸ਼ਟਰਪਤੀ ਦੀ ਚੋਣ ’ਚ ਇਕ ਨਵਾਂ ਮੋੜ : 4 ਖਾਲੀ ਬੈਲਟ ਪੇਪਰ ਦੇ ਰਹੇ ਵਧੇਰੇ ਜ਼ੋਰਦਾਰ ਸੰਦੇਸ਼
Friday, Sep 19, 2025 - 10:51 PM (IST)

ਨੈਸ਼ਨਲ ਡੈਸਕ- ਉਪ-ਰਾਸ਼ਟਰਪਤੀ ਦੀ ਚੋਣ ਰਾਜਗ ਲਈ ਇਕ ਸੌਖੀ ਚੋਣ ਮੰਨੀ ਜਾ ਪਹੀ ਸੀ ਪਰ ਇਹ ਇਕ ਰੋਮਾਂਚਕ ਸਾਬਤ ਹੋਈ। 767 ਸੰਸਦ ਮੈਂਬਰਾਂ ਨੇ ਵੋਟ ਪਾਈ ਪਰ ਉਨ੍ਹਾਂ ਵਿੱਚੋਂ 15 ਰੱਦ ਹੋ ਗਈਆਂ।
ਪਰ ਅਸਲ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 4 ਬੈਲਟ ਪੇਪਰ ਪੂਰੀ ਤਰ੍ਹਾਂ ਖਾਲੀ ਛੱਡ ਦਿੱਤੇ ਗਏ- ਇਕ ਵੀ ਟਿੱਕ ਨਹੀਂ। ਸਿਆਹੀ ਵੀ ਚੁੱਪ। ਸੰਦੇਸ਼ ਜ਼ੋਰਦਾਰ ਸੀ। ਅੰਕੜੇ ਆਪਣੇ ਆਪ ਬੋਲਦੇ ਹਨ। ਰਾਜਗ ਦੇ ਰਾਧਾਕ੍ਰਿਸ਼ਨਨ ਨੂੰ 452 ਵੋਟਾਂ ਮਿਲੀਆਂ- ਉਮੀਦ ਤੋਂ 15 ਵੱਧ।
‘ਇੰਡੀਆ’ ਗੱਠਜੋੜ ਨੂੰ ਭਾਰੀ ਨੁਕਸਾਨ ਹੋਇਆ। ਉਹ ਆਪਣੇ ਦਾਅਵੇ ਦੇ ਉਲਟ 315 ਦੀ ਬਜਾਏ ਸਿਰਫ 300 ਵੋਟਾਂ ਹੀ ਹਾਸਲ ਕਰ ਸਕਿਅਾ। ਹਰ ਪਾਸੇ ਉਂਗਲਾਂ ਉਠ ਰਹੀਆਂ ਹਨ । ਸ਼ਿਵ ਸੈਨਾ (ਊਧਵ) ਤੇ ਸ਼ਰਦ ਪਵਾਰ ਦੀ ਐੱਨ. ਸੀ. ਪੀ. ਕਟਹਿਰੇ ’ਚ ਹਨ। ਹਾਲਾਂਕਿ ਉਨ੍ਹਾਂ ਇਸ ਤੋਂ ਇਨਕਾਰ ਨਹੀਂ ਕੀਤਾ।
ਆਮ ਆਦਮੀ ਪਾਰਟੀ ਦੁਚਿੱਤੀ ਵਿਚ ਹੈ। ਸਵਾਤੀ ਮਾਲੀਵਾਲ ਸਮੇਤ 5 ਸੰਸਦ ਮੈਂਬਰ ਸ਼ੱਕ ਦੇ ਘੇਰੇ ’ਚ ਹਨ। ਮੰਨਿਆ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਪਾਰਟੀ ਛੱਡ ਦਿੱਤੀ ਹੈ। ਘੁਸਰ-ਮੁਸਰ ਹੈ ਕਿ ਡੀ. ਐੱਮ. ਕੇ., ਜੇ. ਐੱਮ. ਐੱਮ. ਤੇ ਰਾਜਦ ਦੇ ਇਕ-ਇਕ ਸੰਸਦ ਮੈਂਬਰ ਪਾਰਟੀ ਛੱਡ ਗਏ ਹਨ।
ਜਿੱਥੇ ‘ਇੰਡੀਆ’ ਗੱਠਜੋੜ ਜਵਾਬ ਲਈ ਭੱਜ-ਦੌੜ ਕਰ ਰਿਹਾ ਹੈ, ਉੱਥੇ ਰਾਜਗ ਅੰਦਰ ਵੀ ਬੇਚੈਨੀ ਵਧ ਰਹੀ ਹੈ। ਇਹ ਚਾਰ ਖਾਲੀ ਬੈਲਟ ਪੇਪਰ ਇਕ ਹਾਦਸੇ ਵਾਂਗ ਘੱਟ ਤੇ ਜਾਣਬੁੱਝ ਕੇ ਕੀਤੇ ਗਏ ਸੰਕੇਤ ਵੱਧ ਜਾਪਦੇ ਹਨ। ਭੇਦ ਹੋਰ ਡੂੰਘਾ ਹੁੰਦਾ ਜਾਂਦਾ ਹੈ। ਇਹ ਅਦ੍ਰਿਸ਼ ਖਿਡਾਰੀ ਕੌਣ ਹਨ ਤੇ ਉਹ ਭਵਿੱਖ ਲਈ ਕਿਹੜੀ ਖੇਡ ਦੀ ਸਾਜ਼ਿਸ਼ ਰਚ ਰਹੇ ਹਨ?
ਸੋਸ਼ਲ ਮੀਡੀਆ ਅਫਵਾਹਾਂ ਨਾਲ ਭਰਿਆ ਹੋਇਆ ਸੀ ਕਿ ਰਾਜਗ ਦੇ ਕੁਝ ਸੰਸਦ ਮੈਂਬਰ ਆਪਣੇ ਹੀ ਸੰਸਦ ਮੈਂਬਰਾਂ ਨੂੰ ਧੋਖਾ ਦੇਣਗੇ। ਅਜਿਹਾ ਨਹੀਂ ਹੋਇਆ। ਇਸ ਦੀ ਬਜਾਏ ਇਸ ਧੋਖੇ ਨੇ ਇਕ ਵੱਖਰਾ ਤੇ ਵਧੇਰੇ ਸੂਖਮ ਰੂਪ ਧਾਰਨ ਕੀਤਾ। ਖਾਲੀ ਬੈਲਟ ਪੇਪਰਾਂ ਨੇ ਦੋਵਾਂ ਕੈਂਪਾਂ ਨੂੰ ਉਲਝਾ ਦਿੱਤਾ ਹੈ। ਇਕ ਸਿਆਸੀ ਭੇਦ ਨੂੰ ਉਜਾਗਰ ਕੀਤਾ ਹੈ ਜੋ ਕਦੇ ਨਾ ਖਤਮ ਹੋਣ ਵਾਲਾ ਜਾਪਦਾ ਹੈ।
ਇਸ ਸਮੇਂ ਕੋਈ ਵੀ ਨਾਂ ਨਹੀਂ ਲੈ ਰਿਹਾ ਪਰ ਦਿੱਲੀ ’ਚ ਸੱਤਾ ਦੇ ਗਲਿਆਰਿਆਂ ’ਚ ਇਕ ਗੱਲ ਪੱਕੀ ਹੈ ਕਿ ਇਹ ਖਾਲੀ ਬੈਲਟ ਪੇਪਰ ਖਾਲੀ ਨਹੀਂ ਹਨ, ਭਰੇ ਹੋਏ ਹਨ।