ਅਯੁੱਧਿਆ ’ਚ ਭਿਆਾਨਕ ਧਮਾਕਾ, ਇਕ ਦੀ ਮੌਤ
Sunday, Oct 05, 2025 - 11:26 PM (IST)

ਅਯੁੱਧਿਆ/ਲਖਨਊ, (ਨਾਸਿਰ)- ਅਯੁੱਧਿਆ ਦੇ ਜਨਾ ਬਾਜ਼ਾਰ ਰੋਡ ’ਤੇ ਸਥਿਤ ਇਕ ਘਰ ਵਿਚ ਐਤਵਾਰ ਨੂੰ ਹੋਏ ਭਿਆਨਕ ਧਮਾਕੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਬੀਕਾਪੁਰ ਕੋਤਵਾਲੀ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਹੋਇਆ, ਜਿਸ ਨਾਲ 2 ਮਕਾਨ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਗਏ ਅਤੇ ਨੇੜਲੇ 3 ਤੋਂ 4 ਘਰਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪੁੱਜਾ।
ਜ਼ਖਮੀਆਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ’ਚ ਦਾਖਲ ਕਰ ਕੇ ਮੁੱਢਲੀ ਸਹਾਇਤਾ ਦਿੱਤੀ ਗਈ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਜ਼ਿਲਾ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਹੈ। ਧਮਾਕੇ ਵਿਚ ਜ਼ਖਮੀ ਵਿਵੇਕਾਨੰਦ ਪਾਂਡੇ ਦੀ ਮਾਂ ਊਸ਼ਾ ਦੇਵੀ ਨੇ ਕਿਹਾ ਕਿ ਉਹ ਘਟਨਾ ਸਮੇਂ ਘਰ ਵਿਚ ਨਹੀਂ ਸੀ।
ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਦਾ ਪੁੱਤਰ ਘਰ ਵਿਚ ਸੀ ਅਤੇ ਧਮਾਕੇ ਵਿਚ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਕੀ ਸੜ ਗਿਆ, ਧਮਾਕਾ ਕਿਵੇਂ ਹੋਇਆ; ਅਸੀਂ ਇਹ ਸਮਝਣ ਵਿਚ ਅਸਮਰੱਥ ਹਾਂ।’’ ਧਮਾਕੇ ਦੀ ਲਪੇਟ ਵਿਚ ਆਉਣ ਨਾਲ ਨੇੜਲੇ ਘਰਾਂ ਦੀਆਂ ਕੰਧਾਂ ’ਤੇ ਤਰੇੜਾਂ ਆ ਗਈਆਂ ਅਤੇ ਉਨ੍ਹਾਂ ਨੂੰ ਮਾਮੂਲੀ ਨੁਕਸਾਨ ਹੋਇਆ। ਸਥਾਨਕ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਟੀਮ ਨੇ ਘਟਨਾ ਵਾਲੀ ਥਾਂ ਨੂੰ ਸੁਰੱਖਿਅਤ ਕਰ ਬਚਾਅ ਕਾਰਜ ਸ਼ੁਰੂ ਕੀਤਾ।