ਭਾਰਤ ਦੇ ਰੱਖਿਆ ਨਿਰਮਾਣ ਖੇਤਰ ''ਚ ਵੱਡਾ ਬਦਲਾਅ! ਦਰਾਮਦ ਨਿਰਭਰਤਾ ਤੋਂ ਆਤਮ-ਨਿਰਭਰਤਾ ਵੱਲ ਵਧੇ ਕਦਮ

Sunday, Oct 25, 2026 - 02:21 PM (IST)

ਭਾਰਤ ਦੇ ਰੱਖਿਆ ਨਿਰਮਾਣ ਖੇਤਰ ''ਚ ਵੱਡਾ ਬਦਲਾਅ! ਦਰਾਮਦ ਨਿਰਭਰਤਾ ਤੋਂ ਆਤਮ-ਨਿਰਭਰਤਾ ਵੱਲ ਵਧੇ ਕਦਮ

ਨਵੀਂ ਦਿੱਲੀ: ਭਾਰਤ ਦਾ ਰੱਖਿਆ ਨਿਰਮਾਣ ਈਕੋਸਿਸਟਮ ਵਿਦੇਸ਼ੀ ਦਰਾਮਦਾਂ 'ਤੇ ਨਿਰਭਰਤਾ ਘਟਾ ਕੇ ਤੇਜ਼ੀ ਨਾਲ ਘਰੇਲੂ ਆਤਮ-ਨਿਰਭਰਤਾ ਅਤੇ ਗਲੋਬਲ ਮੁਕਾਬਲੇਬਾਜ਼ੀ ਵੱਲ ਵਧ ਰਿਹਾ ਹੈ। ਰੱਖਿਆ ਖੇਤਰ ਵਿੱਚ ਨਵੀਨਤਾ, ਤਕਨੀਕੀ ਤਰੱਕੀ ਅਤੇ ਰਣਨੀਤਕ ਸੁਧਾਰਾਂ ਸਦਕਾ ਕੰਪਨੀਆਂ ਦਾ ਮੁਨਾਫ਼ਾ ਬੇਮਿਸਾਲ ਰਫ਼ਤਾਰ ਨਾਲ ਵਧਿਆ ਹੈ। ਬੀਟੀ-ਡਿਲੋਇਟ ਇੰਡੀਆ ਦੇ ਸਰਵੇਖਣ ਅਨੁਸਾਰ, ਰੱਖਿਆ ਅਤੇ ਏਅਰੋਸਪੇਸ ਖੇਤਰ ਦੀਆਂ 26 ਸੂਚੀਬੱਧ ਕੰਪਨੀਆਂ ਦਾ ਕੁੱਲ ਮੁਨਾਫ਼ਾ ਪਿਛਲੇ ਪੰਜ ਸਾਲਾਂ ਵਿੱਚ 208% ਵਧ ਕੇ ਵਿੱਤੀ ਵਰ੍ਹੇ 2026 ਵਿੱਚ 23,111 ਕਰੋੜ ਰੁਪਏ ਹੋ ਗਿਆ, ਜੋ ਕਿ ਵਿੱਤੀ ਵਰ੍ਹੇ 2021 ਵਿੱਚ 7,507 ਕਰੋੜ ਰੁਪਏ ਸੀ।
ਇਸ ਦੌਰਾਨ ਜ਼ੇਨ ਟੈਕਨਾਲੋਜੀਜ਼ ਨੇ ਸਭ ਤੋਂ ਵੱਧ 7,757% ਦਾ ਵਾਧਾ ਦਰਜ ਕਰਦਿਆਂ ਆਪਣਾ ਨੈੱਟ ਮੁਨਾਫ਼ਾ 2.8 ਕਰੋੜ ਰੁਪਏ ਤੋਂ ਵਧਾ ਕੇ 217.9 ਕਰੋੜ ਰੁਪਏ ਕਰ ਲਿਆ ਹੈ। ਵੱਡੀਆਂ ਰੱਖਿਆ ਕੰਪਨੀਆਂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦਾ ਨੈੱਟ ਮੁਨਾਫ਼ਾ 181% ਵਧ ਕੇ 9,115.5 ਕਰੋੜ ਰੁਪਏ ਅਤੇ ਭਾਰਤ ਇਲੈਕਟ੍ਰਾਨਿਕਸ ਦਾ ਮੁਨਾਫ਼ਾ 191% ਵਾਧੇ ਨਾਲ 6,023.5 ਕਰੋੜ ਰੁਪਏ ਰਿਹਾ। ਇਸੇ ਤਰ੍ਹਾਂ ਮਜ਼ਾਗੋਂ ਡੌਕ ਸ਼ਿਪਬਿਲਡਰਜ਼ ਨੇ 434% ਦੇ ਵਾਧੇ ਨਾਲ 2,421.9 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ।
ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਦਾ ਕੁੱਲ ਰੱਖਿਆ ਉਤਪਾਦਨ 13% ਸਾਲਾਨਾ ਦੀ ਦਰ ਨਾਲ ਵਧਿਆ ਹੈ, ਜਦਕਿ ਰੱਖਿਆ ਬਰਾਮਦਾਂ ਵਿੱਚ ਹਰ ਸਾਲ 40% ਦਾ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਵਿੱਤੀ ਵਰ੍ਹੇ 2026 ਵਿੱਚ ਰੱਖਿਆ ਉਤਪਾਦਨ ਲਗਭਗ 1.78 ਲੱਖ ਕਰੋੜ ਰੁਪਏ ਅਤੇ ਬਰਾਮਦ 38,424 ਕਰੋੜ ਰੁਪਏ 'ਤੇ ਪਹੁੰਚ ਗਈ। ਸਰਕਾਰ ਵੱਲੋਂ ਰੱਖਿਆ ਬਜਟ ਵਿੱਤੀ ਵਰ੍ਹੇ 2014 ਦੇ 2.53 ਲੱਖ ਕਰੋੜ ਰੁਪਏ ਤੋਂ ਵਧਾ ਕੇ ਵਿੱਤੀ ਵਰ੍ਹੇ 2027 ਲਈ 7.85 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੂੰਜੀ ਪ੍ਰਾਪਤੀ ਖ਼ਰਚਾ 1.85 ਲੱਖ ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੱਖਿਆ ਪ੍ਰਾਪਤੀ ਕੌਂਸਲ ਵੱਲੋਂ ਵਿੱਤੀ ਵਰ੍ਹੇ 2025 ਤੋਂ 2027 ਦਰਮਿਆਨ ਮਨਜ਼ੂਰ ਕੀਤੇ ਗਏ ਲਗਭਗ 13 ਲੱਖ ਕਰੋੜ ਰੁਪਏ ਦੇ ਪ੍ਰਸਤਾਵਾਂ ਵਿੱਚੋਂ 98% ਖਰੀਦ ਘਰੇਲੂ ਕੰਪਨੀਆਂ ਤੋਂ ਕੀਤੀ ਜਾਣੀ ਹੈ।
ਨਿੱਜੀ ਖੇਤਰ ਦੀ ਭੂਮਿਕਾ ਵੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਹਾਲਾਂਕਿ ਘਰੇਲੂ ਉਤਪਾਦਨ ਵਿੱਚ ਨਿੱਜੀ ਕੰਪਨੀਆਂ ਦਾ ਹਿੱਸਾ ਕਰੀਬ 24% ਹੈ, ਪਰ ਦੇਸ਼ ਦੀ ਕੁੱਲ ਰੱਖਿਆ ਬਰਾਮਦ ਵਿੱਚ ਇਨ੍ਹਾਂ ਦਾ ਯੋਗਦਾਨ ਲਗਭਗ 50% ਬਣਦਾ ਹੈ। ਆਧੁਨਿਕ ਤਕਨੀਕਾਂ ਦੇ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ iDEX ਅਤੇ ADITI ਸਕੀਮਾਂ ਤਹਿਤ ਮਾਰਚ 2026 ਤੱਕ 676 ਸਟਾਰਟਅੱਪਸ ਅਤੇ ਐੱਮਐੱਸਐੱਮਈਜ਼ ਨੂੰ ਜੋੜ ਕੇ 551 ਵਿਕਾਸ ਸਮਝੌਤੇ ਸਹੀਬੰਦ ਕੀਤੇ ਗਏ ਹਨ। ਡਰੋਨ, ਰਾਡਾਰ ਅਤੇ ਏਆਈ-ਸੰਚਾਲਿਤ ਪ੍ਰਣਾਲੀਆਂ ਦੀ ਮੰਗ ਵਧਣ ਨਾਲ HAL ਦੀ ਆਰਡਰ ਬੁੱਕ 2.5 ਲੱਖ ਕਰੋੜ ਰੁਪਏ ਅਤੇ BEL ਦੀ 72,258 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ 2026 ਵਿੱਚ ਨਿਫਟੀ ਇੰਡੀਆ ਡਿਫੈਂਸ ਇੰਡੈਕਸ ਲਗਭਗ 22% ਵਧਿਆ ਹੈ। ਸਨਅਤੀ ਮਾਹਿਰਾਂ ਅਨੁਸਾਰ ਆਉਣ ਵਾਲੇ ਦਹਾਕੇ ਵਿੱਚ ਭਾਰਤੀ ਕੰਪਨੀਆਂ ਗੁੰਝਲਦਾਰ ਪ੍ਰਣਾਲੀਆਂ ਦੇ ਨਿਰਮਾਣ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਮੁਕਾਬਲੇਬਾਜ਼ੀ ਰਾਹੀਂ ਆਪਣੀ ਸਥਿਤੀ ਹੋਰ ਮਜ਼ਬੂਤ ਕਰਨਗੀਆਂ।
 


author

Shubam Kumar

Content Editor

Related News