ਇਕ ਅਜਿਹੇ CM ਜੋ ਵਿਵਾਦਾਂ ’ਚ ਫਸਣ ਤੋਂ ਖੁਦ ਨੂੰ ਰੋਕ ਨਹੀਂ ਪਾਉਂਦੇ

Saturday, Jun 27, 2026 - 10:12 PM (IST)

ਇਕ ਅਜਿਹੇ CM ਜੋ ਵਿਵਾਦਾਂ ’ਚ ਫਸਣ ਤੋਂ ਖੁਦ ਨੂੰ ਰੋਕ ਨਹੀਂ ਪਾਉਂਦੇ

ਨੈਸ਼ਨਲ ਡੈਸਕ- ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਤੇਜ਼ੀ ਨਾਲ ਵਿਵਾਦਾਂ ਦੀ ਇਕ ‘ਵਨ-ਮੈਨ ਫੈਕਟਰੀ’ ਬਣਦੇ ਜਾ ਰਹੇ ਹਨ। ਕੁਝ ਹੀ ਹਫ਼ਤਿਆਂ ’ਚ, ਉਨ੍ਹਾਂ ਨੇ ਐਡਾਲਫ ਹਿਟਲਰ ਦੀ ਤਾਰੀਫ਼ ਕੀਤੀ, ਇਕ ਸੜਕ ਦਾ ਨਾਂ ਡੋਨਾਲਡ ਟਰੰਪ ਦੇ ਨਾਂ ’ਤੇ ਰੱਖਿਆ ਅਤੇ ਆਪਣੀ ਹੀ ਪਾਰਟੀ ਦੀ ਤਿੱਖੀ ਝਾੜ ਵੀ ਝੱਲੀ ਅਤੇ ਇਹ ਸਭ ਉਦੋਂ ਹੋਇਆ, ਜਦੋਂ ਕਾਂਗਰਸ ਹਾਈਕਮਾਨ ਨੇ ਇਸ ’ਤੇ ਕੋਈ ਧਿਆਨ ਨਹੀਂ ਦਿੱਤਾ।

ਸਭ ਤੋਂ ਪਹਿਲਾਂ ‘ਹਿਟਲਰ ਵਾਲਾ ਪਲ’ ਆਇਆ। ਰੈੱਡੀ ਨੇ ਹੈਦਰਾਬਾਦ ਆਫ਼ਤ ਪ੍ਰਤੀਕਿਰਿਆ ਅਤੇ ਜਾਇਦਾਦ ਸੁਰੱਖਿਆ ਏਜੰਸੀ (ਐੱਚ. ਵਾਈ. ਡੀ. ਆਰ. ਏ. ਏ.) ਦਾ ਬਚਾਅ ਕਰਦੇ ਹੋਏ ਨਾਜ਼ੀ ਤਾਨਾਸ਼ਾਹ ਦਾ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਹਿਟਲਰ ਦੇ ਖੂੰਖਾਰ ਹੱਤਿਆਰੇ ਦਸਤੇ ‘ਹਾਈਡ੍ਰਾ’ ਵਾਂਗ ਕੰਮ ਕਰਦੀ ਹੈ। ਬੱਸ ਇਕ ਹੀ ਦਿੱਕਤ ਸੀ-ਹਿਟਲਰ ਦੇ ਕੋਲ ਅਜਿਹੀ ਕੋਈ ਟੀਮ ਕਦੇ ਸੀ ਹੀ ਨਹੀਂ। ਅਸਲ ’ਚ, ‘ਹਾਈਡ੍ਰਾ’ ਮਾਰਵਲ ਕਾਮਿਕਸ ਦਾ ਇਕ ਕਾਲਪਨਿਕ ਅੱਤਵਾਦੀ ਸੰਗਠਨ ਹੈ। ਦੇਖਿਆ ਜਾਵੇ ਤਾਂ ਤੇਲੰਗਾਨਾ ਦੇ ਮੁੱਖ ਮੰਤਰੀ ਅਸਲ ’ਚ ਇਕ ਸਰਕਾਰੀ ਏਜੰਸੀ ਨੂੰ ਸਹੀ ਠਹਿਰਾਉਣ ਲਈ ਇਕ ਸੁਪਰ ਵਿਲੇਨ ਸੰਗਠਨ ਦੀ ਉਦਾਹਰਣ ਦੇ ਰਹੇ ਸਨ। ਅਜਿਹੀ ਗੱਲ ਕੋਈ ਸੋਚ ਵੀ ਨਹੀਂ ਸਕਦਾ।

ਇਸ ਤੋਂ ਬਾਅਦ ‘ਡੋਨਾਲਡ ਟਰੰਪ ਐਵੇਨਿਊ’ ਦਾ ਨੰਬਰ ਆਇਆ- ਇਹ ਨਾਂ ਉਨ੍ਹਾਂ ਦੀ ਸਰਕਾਰ ਨੇ ਹੈਦਰਾਬਾਦ ’ਚ ਅਮਰੀਕੀ ਕੌਂਸਲੇਟ ਦੇ ਨਾਲ ਲੱਗਦੀ ਇਕ ਸੜਕ ਲਈ ਚੁਣਿਆ ਸੀ। ਭਾਜਪਾ ਅਤੇ ਮਾਕਪਾ, ਜੋ ਸ਼ਾਇਦ ਹੀ ਕਦੇ ਕਿਸੇ ਗੱਲ ’ਤੇ ਸਹਿਮਤ ਹੁੰਦੇ ਹਨ, ਨੇ ਇਸ ਫੈਸਲੇ ਦੀ ਆਲੋਚਨਾ ਕਰਨ ’ਚ ਇਕ ਰਾਇ ਦਿਖਾਈ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਕਾਂਗਰਸ ਹਾਈਕਮਾਨ ਨੇ ਹਾਲਾਂਕਿ ਇਸ ’ਤੇ ਕੁਝ ਨਹੀਂ ਕਿਹਾ।

ਇਸ ਪੂਰੇ ਮਾਮਲੇ ’ਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਰੈੱਡੀ ਨੂੰ ਰਾਹੁਲ ਗਾਂਧੀ ਨਾਲ ਮੀਟਿੰਗ ਲਈ ਦਿੱਲੀ ਬੁਲਾਇਆ ਗਿਆ ਪਰ ਇਹ ਮੀਟਿੰਗ ਹਿਟਲਰ ਜਾਂ ਟਰੰਪ ਬਾਰੇ ਨਹੀਂ ਸੀ। ਅਸਲੀ ਵਿਵਾਦ ਮੀਨਾਕਸ਼ੀ ਨਟਰਾਜਨ ਦੇ ਰਾਜ ਸਭਾ ਨਾਮਜ਼ਦਗੀ ਪੱਤਰ ਦੇ ਖਾਰਿਜ ਹੋਣ ਦੀ ਖ਼ਬਰ ਲੀਕ ਹੋਣ ਨੂੰ ਲੈ ਕੇ ਸੀ; ਤੇਲੰਗਾਨਾ ’ਚ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਕਿਹਾ ਜਾ ਰਿਹਾ ਹੈ ਕਿ ਰਾਹੁਲ, ਜਿਨ੍ਹਾਂ ਨੇ ਖੁਦ ਨਟਰਾਜਨ ਦਾ ਸਮਰਥਨ ਕੀਤਾ ਸੀ, ਇਸ ਗੱਲ ਤੋਂ ਬਹੁਤ ਨਾਰਾਜ਼ ਹਨ। ਰੇਵੰਤ ਰੈੱਡੀ ਲਈ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਮੁਸ਼ਕਿਲਾਂ ਉਨ੍ਹਾਂ ਨੇ ਖੁਦ ਹੀ ਖੜ੍ਹੀਆਂ ਕੀਤੀਆਂ ਹਨ।


author

Rakesh

Content Editor

Related News