ਮਹਿਲਾ ਡਾਕਟਰ ਰੇਪ-ਕਤਲ ਮਾਮਲਾ : ਪੀੜਤਾ ਲਈ ਨਿਆਂ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ ਕੈਂਡਲ ਮਾਰਚ

Tuesday, Aug 20, 2024 - 10:30 AM (IST)

ਮਹਿਲਾ ਡਾਕਟਰ ਰੇਪ-ਕਤਲ ਮਾਮਲਾ : ਪੀੜਤਾ ਲਈ ਨਿਆਂ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ ਕੈਂਡਲ ਮਾਰਚ

ਸ਼ਿਮਲਾ (ਭਾਸ਼ਾ)- ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸ ਮਹਿਲਾ ਡਾਕਟਰ ਨੂੰ ਨਿਆਂ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ਿਮਲਾ 'ਚ ਲੋਕਾਂ ਦੇ ਇਕ ਸਮੂਹ ਨੇ ਸੋਮਵਾਰ ਦੇਰ ਰਾਤ ਮੌਨ ਕੈਂਡਲ ਮਾਰਚ ਕੱਢਿਆ, ਜਿਸ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਸ਼ਾਂਤੀਪੂਰਨ ਅਤੇ ਪ੍ਰਤੀਕਾਤਮਕ ਪ੍ਰਦਰਸ਼ਨ ਦਾ ਉਦੇਸ਼ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਨ ਦੇ ਨਾਲ-ਨਾਲ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਅਤੇ ਜਨਤਕ ਥਾਵਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਅਪੀਲ ਕਰਨਾ ਸੀ। 'ਸ਼ਿਮਲਾ ਕਲੈਕਟਿਵਜ਼' ਦੇ ਬੈਨਰ ਹੇਠ, ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੇ ਮੋਮਬੱਤੀਆਂ ਲੈ ਕੇ ਇਕ ਪੈਦਲ ਮਾਰਚ ਕੱਢਿਆ ਅਤੇ "ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇ ਨਾਲ-ਨਾਲ ਪੀੜਤ ਨੂੰ ਜਲਦੀ ਨਿਆਂ ਅਤੇ ਸ਼ਹੀਦ ਦਾ ਦਰਜਾ ਯਕੀਨੀ ਬਣਾਉਣ" ਦੀ ਮੰਗ ਕੀਤੀ। ਸ਼ਿਮਲਾ ਨਗਰ ਨਿਗਮ (ਐੱਸਐੱਮਸੀ) ਦੇ ਸਾਬਕਾ ਡਿਪਟੀ ਮੇਅਰ ਟਿਕੇਂਦਰ ਪੰਵਾਰ ਨੇ ਦੱਸਿਆ,“ਮੌਤ ਦੀ ਸਜ਼ਾ ਅਤੇ ਤੁਰੰਤ ਨਿਆਂ ਹੀ ਜਬਰ ਜ਼ਿਨਾਹ ਵਰਗੇ ਅਪਰਾਧਾਂ ਨੂੰ ਰੋਕਣ ਦਾ ਇਕੋ ਇਕ ਰਸਤਾ ਹੈ। ਅਸੀਂ ਜਨਤਕ ਸਥਾਨਾਂ ਨੂੰ ਭਾਵੇਂ ਦਿਨ ਹੋਵੇ ਜਾਂ ਰਾਤ ਔਰਤਾਂ ਲਈ ਸੁਰੱਖਿਅਤ ਬਣਾਉਣ ਲਈ ਇੱਥੇ ਹਾਂ।"

ਕੈਂਡਲ ਮਾਰਚ 'ਚ ਸ਼ਾਮਲ ਡਾਕਟਰ ਸਵਾਤੀ ਸ਼ਰਮਾ ਨੇ ਕਿਹਾ,''ਇਹ ਕਿਸੇ ਡਾਕਟਰ ਜਾਂ ਔਰਤ ਖ਼ਿਲਾਫ਼ ਅਪਰਾਧ ਨਹੀਂ ਹੈ ਸਗੋਂ ਮਨੁੱਖਤਾ ਖ਼ਿਲਾਫ਼ ਅਪਰਾਧ ਹੈ। ਕਈ ਲੋਕ ਇਸ ਤਰ੍ਹਾਂ ਦੇ ਬੇਰਹਿਮ ਕੰਮਾਂ ਦੇ ਪਿੱਛੇ ਪੀੜਤਾ ਦੇ ਪਹਿਰਾਵੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਪਰ ਇਸ ਮਾਮਲੇ 'ਚ ਇਕ ਡਾਕਟਰ ਨਾਲ ਉਸ ਦੇ ਕੰਮ ਵਾਲੀ ਜਗ੍ਹਾ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ।'' ਉੱਥੇ ਹੀ ਸਾਇਨਾ ਮਲਹੋਤਰਾ ਨਾਂ ਦੀ ਕੁੜੀ ਨੇ ਕਿਹਾ,''ਕੀ ਅਸੀਂ ਰਾਤ ਨੂੰ ਸੁਰੱਖਿਅਤ ਹਾਂ, ਕੀ ਮੈਂ ਆਪਣੇ ਮਾਤਾ-ਪਿਤਾ ਨੂੰ ਚਿੰਤਾ 'ਚ ਪਾਏ ਬਿਨਾਂ ਰਾਤ ਨੂੰ ਸੁਰੱਖਿਅਤ ਘੁੰਮ ਸਕਦੀ ਹਾਂ? ਮੈਨੂੰ ਅਜਿਹਾ ਨਹੀਂ ਲੱਗਦਾ। ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਚੀਜ਼ਾਂ ਬਦਲਣ।'' ਉਨ੍ਹਾਂ ਕਿਹਾ,''ਇਹ ਮਾਰਚ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਕੱਢਿਆ ਗਿਆ, ਜਦੋਂ ਅਸੀਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖਿਆ ਸੂਤਰ ਬੰਨ੍ਹਦੇ ਹਾਂ। ਇਸ ਦਿਨ ਮੈਂ ਦੇਸ਼ ਦੇ ਸਾਰੇ ਪੁਰਸ਼ਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਉਹ ਹਰ ਔਰਤ ਦੀ ਰੱਖਿਆ ਕਰਨ, ਕਿਉਂਕਿ ਇਹ ਕਿਸੇ ਨਾ ਕਿਸੇ ਦੀ ਭੈਣ ਅਤੇ ਧੀ ਹੈ।'' ਨਿਆਂ ਤੋਂ ਇਲਾਵਾ ਪ੍ਰਦਰਸ਼ਕਾਰੀਆਂ ਨੇ ਘਟਨਾ ਤੋਂ 36 ਘੰਟੇ ਪਹਿਲੇ ਤੱਕ ਆਪਣੇ ਕਰਤੱਵਾਂ ਦੀ ਪਾਲਣਾ ਕਰ ਰਹੀ ਪੀੜਤਾ ਲਈ 'ਸ਼ਹੀਦ ਦਾ ਦਰਜਾ' ਵੀ ਮੰਗਿਆ। ਕੋਲਕਾਤਾ ਦੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮਿਨਾਰ ਹਾਲ 'ਚ 9 ਅਗਸਤ ਨੂੰ ਪੋਸਟ ਗਰੈਜੂਏਟ ਟਰੇਨੀ ਡਾਕਟਰ ਦੀ ਲਾਸ਼ ਮਿਲੀ ਸੀ। ਅਗਲੇ ਦਿਨ ਇਸ ਮਾਮਲੇ 'ਚ ਇਕ ਸਿਵਲੀਅਨ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ 'ਚ ਕੋਲਕਾਤਾ  ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News