Fact Check: ਪ੍ਰਯਾਗਰਾਜ 'ਚ ਹੋਈ ਘਟਨਾ ਦੇ 5 ਸਾਲ ਪੁਰਾਣੇ ਵੀਡੀਓ ਨੂੰ ਹਾਲ ਦਾ ਦੱਸ ਕੇ ਫੈਲਾਇਆ ਜਾ ਰਿਹਾ ਹੈ ਭਰਮ
Saturday, Feb 22, 2025 - 03:29 AM (IST)

Fact Check By PTI
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਰੋਂਦੀਆਂ ਔਰਤਾਂ ਇਕ ਪੱਤਰਕਾਰ ਨਾਲ ਗੱਲ ਕਰਦੀਆਂ ਨਜ਼ਰ ਆ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਕੁਝ ਲੜਕਿਆਂ ਨੇ ਇਕ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਹੈ ਅਤੇ ਪੁਲਸ ਇਸ ਮਾਮਲੇ 'ਚ ਐੱਫਆਈਆਰ ਦਰਜ ਨਹੀਂ ਕਰ ਰਹੀ ਹੈ।
ਪੀਟੀਆਈ ਫੈਕਟ ਚੈਕ ਡੈਸਕ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਫਰਜ਼ੀ ਸਾਬਤ ਕੀਤਾ। ਜਾਂਚ 'ਚ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਕਿਸੇ ਹਾਲ ਦੀ ਘਟਨਾ ਦਾ ਨਹੀਂ, ਸਗੋਂ 5 ਸਾਲ ਪੁਰਾਣਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਵਾਪਰੀ ਘਟਨਾ ਦੀ 5 ਸਾਲ ਪੁਰਾਣੀ ਵੀਡੀਓ ਨੂੰ ਹਾਲੀਆ ਦੱਸ ਕੇ ਭੰਬਲਭੂਸਾ ਫੈਲਾ ਰਹੇ ਹਨ।
ਦਾਅਵਾ :
14 ਫਰਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਹਰ ਰੋਜ਼ 7-8 ਲੜਕੇ ਸਾਡੇ ਘਰ ਦੇ ਬਾਹਰ ਆ ਕੇ ਖੜ੍ਹੇ ਹੁੰਦੇ ਹਨ, ਉਹ ਇੱਕ ਲੜਕੀ ਨੂੰ ਚੁੱਕਦੇ ਹਨ ਅਤੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰਦੇ ਹਨ। ਪੁਲਸ ਅਧਿਕਾਰੀ ਇੱਕ ਠਾਕੁਰ ਹੈ, ਉਸ ਨੇ ਐੱਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਦੋਸ਼ੀ ਇੱਕੋ ਭਾਈਚਾਰੇ ਦੇ ਹਨ। ਇਹ ਘਟਨਾ ਫਿਲਮ ਦੀ ਨਹੀਂ ਬਲਕਿ ਰਾਮ ਰਾਜ, ਇਲਾਹਾਬਾਦ ਯੂਪੀ ਦੀ ਹੈ।
ਇਸ ਵੀਡੀਓ ਨੂੰ ਹੁਣ ਤੱਕ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਈ ਯੂਜ਼ਰਸ ਇਸ ਨੂੰ ਹਾਲ ਹੀ ਦੀ ਘਟਨਾ ਸਮਝ ਕੇ ਲਾਈਕ, ਕੁਮੈਂਟ ਅਤੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਲਿੰਕ, ਆਰਕਾਈਵ ਲਿੰਕ ਅਤੇ ਸਕਰੀਨਸ਼ਾਟ ਇੱਥੇ ਦੇਖੋ।
ਪੜਤਾਲ:
ਗੂਗਲ ਲੈਂਸ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੀ-ਫ੍ਰੇਮ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਡੈਸਕ ਨੂੰ ਇਹ ਵੀਡੀਓ 'Vansh' ਨਾਂ ਦੇ ਇੱਕ ਯੂਜ਼ਰ ਦੇ ਅਕਾਊਂਟ 'ਤੇ ਮਿਲਿਆ।
ਯੂਜ਼ਰ ਨੇ ਇਸ ਵੀਡੀਓ ਨੂੰ 15 ਜਨਵਰੀ 2020 ਨੂੰ ਇਸੇ ਦਾਅਵੇ ਨਾਲ ਸ਼ੇਅਰ ਕੀਤਾ ਸੀ। ਇਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਮਾਮਲਾ ਹਾਲ ਦਾ ਨਹੀਂ ਸਗੋਂ ਪੁਰਾਣਾ ਹੈ। ਇੱਥੇ ਪੋਸਟ ਦਾ ਲਿੰਕ ਅਤੇ ਸਕਰੀਨਸ਼ਾਟ ਦੇਖੋ।
ਅੱਗੇ ਦੀ ਜਾਂਚ 'ਤੇ ਡੈਸਕ ਨੂੰ ਡੀਸੀਪੀ ਯਮੁਨਾਨਗਰ ਪ੍ਰਯਾਗਰਾਜ ਦੇ ਅਧਿਕਾਰਤ 'ਐਕਸ' ਹੈਂਡਲ 'ਤੇ ਸਪੱਸ਼ਟੀਕਰਨ ਮਿਲਿਆ। ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਵੀਡੀਓ ਨੂੰ ਪੁਰਾਣਾ ਦੱਸਿਆ ਹੈ।
ਉਨ੍ਹਾਂ 'ਐਕਸ' 'ਤੇ ਲਿਖਿਆ, ''ਉਪਰੋਕਤ ਘਟਨਾ 5 ਸਾਲ ਪੁਰਾਣੀ ਹੈ ਜਿਸ ਸਬੰਧੀ ਮੇਜਾ ਥਾਣੇ ਵਿੱਚ ਕੇਸ ਦਰਜ ਹੈ। ਘਟਨਾ ਨਾਲ ਸਬੰਧਤ ਸਾਰੇ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਕਿਰਪਾ ਕਰਕੇ ਪੁਰਾਣੀ ਘਟਨਾ ਨੂੰ ਨਵੇਂ ਸੰਦਰਭ ਵਿੱਚ ਨਾ ਪੇਸ਼ ਕਰੋ।” ਇੱਥੇ ਕਲਿੱਕ ਕਰਕੇ ਪੋਸਟ ਦਾ ਲਿੰਕ ਦੇਖੋ।
ਪੁਲਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਗੂਗਲ ਸਰਚ ਕਰਨ 'ਤੇ ਸਾਨੂੰ 10 ਜਨਵਰੀ 2020 ਨੂੰ ਲਾਈਵ ਹਿੰਦੁਸਤਾਨ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਰਿਪੋਰਟ ਮਿਲੀ। ਦੱਸਿਆ ਗਿਆ ਕਿ ਮਾਮਲਾ ਪ੍ਰਯਾਗਰਾਜ ਦੇ ਲੇਹੜੀ ਪਿੰਡ ਦਾ ਹੈ।
ਉਸ ਸਮੇਂ ਲਾਈਵ ਹਿੰਦੁਸਤਾਨ ਦੀ ਵੈੱਬਸਾਈਟ 'ਤੇ ਛਪੀ ਰਿਪੋਰਟ ਮੁਤਾਬਕ ਲੇਹੜੀ ਪਿੰਡ ਦੇ ਡੋਗਰੀ 'ਚ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਰਿਪੋਰਟ ਵਿਚ ਲੜਕੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 1 ਜਨਵਰੀ ਦੀ ਰਾਤ ਨੂੰ ਉਸ ਦੇ ਪਿੰਡ ਦਾ ਤਹਿਸੀਲਦਾਰ ਸਿੰਘ ਅਤੇ ਚਾਰ ਹੋਰ ਵਿਅਕਤੀ ਉਸ ਦੇ ਭਰਾ ਨੂੰ ਮਾਰਨ ਲਈ ਆਏ ਸਨ। ਕੁਝ ਸਮੇਂ ਬਾਅਦ ਜਦੋਂ ਉਹ ਘਰੋਂ ਬਾਹਰ ਆਈ ਤਾਂ ਮੁਲਜ਼ਮ ਉਸ ਨੂੰ ਚੁੱਕ ਕੇ ਲੈ ਗਿਆ, ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਛੱਡ ਦਿੱਤਾ। ਜਦੋਂ ਪਿਤਾ ਨੇ ਆਪਣੀ ਬੇਟੀ ਦੇ ਘਰ ਪਰਤਣ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲਸ ਲੜਕੀ ਨੂੰ ਮਹਿਲਾ ਥਾਣੇ ਲੈ ਗਈ, ਜਿੱਥੇ ਪੁਲਸ ਨੇ 1 ਵਜੇ ਤੱਕ ਉਸ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਸ ਨਾਲ ਮੈਡੀਕਲ ਜਾਂਚ ਲਈ ਸੀਐੱਚਸੀ ਰਾਮਨਗਰ ਭੇਜਿਆ ਗਿਆ। ਇੱਥੇ ਕਲਿੱਕ ਕਰਕੇ ਪੂਰੀ ਰਿਪੋਰਟ ਪੜ੍ਹੋ।
ਜਾਂਚ ਦੌਰਾਨ ਡੈਸਕ ਨੂੰ 'ਏਬੀਪੀ ਗੰਗਾ' ਦੇ ਯੂਟਿਊਬ ਚੈਨਲ 'ਤੇ ਘਟਨਾ ਨਾਲ ਸਬੰਧਤ ਇੱਕ ਰਿਪੋਰਟ ਵੀ ਮਿਲੀ। ਦੱਸਿਆ ਗਿਆ ਕਿ ਪ੍ਰਯਾਗਰਾਜ 'ਚ ਇਕ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ 'ਚ 5 ਨਾਮੀ ਅਤੇ 4 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੜਕੀ ਨੇ ਕਿਹਾ ਸੀ ਕਿ ਉਸ ਨਾਲ ਜਬਰ-ਜ਼ਿਨਾਹ ਹੋਇਆ ਸੀ ਪਰ ਪੁਲਸ ਮੁਤਾਬਕ ਮੈਡੀਕਲ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ। ਇੱਥੇ ਕਲਿੱਕ ਕਰਕੇ ਵੀਡੀਓ ਰਿਪੋਰਟ ਦੇਖੋ।
ਪੜਤਾਲ ਦੇ ਅੰਤ ਵਿੱਚ ਡੈਸਕ ਨੇ ਸਬੰਧਤ ਥਾਣੇਦਾਰ ਨਾਲ ਸੰਪਰਕ ਕਰਕੇ ਇਹ ਪਤਾ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਜਾਤੀਵਾਦੀ ਐਂਗਲ ਹੈ ਜਾਂ ਨਹੀਂ। ਜਵਾਬ ਮਿਲਦੇ ਹੀ ਰਿਪੋਰਟ ਨੂੰ ਅਪਡੇਟ ਕੀਤਾ ਜਾਵੇਗਾ।
ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਾਫ਼ ਹੋ ਗਿਆ ਹੈ ਕਿ ਵਾਇਰਲ ਵੀਡੀਓ ਕਿਸੇ ਹਾਲੀਆ ਘਟਨਾ ਦਾ ਨਹੀਂ ਹੈ ਬਲਕਿ 5 ਸਾਲ ਪੁਰਾਣਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਵਾਪਰੀ ਘਟਨਾ ਦੀ 5 ਸਾਲ ਪੁਰਾਣੀ ਵੀਡੀਓ ਨੂੰ ਹਾਲੀਆ ਦੱਸ ਕੇ ਭੰਬਲਭੂਸਾ ਫੈਲਾ ਰਹੇ ਹਨ।
ਦਾਅਵਾ
ਵਾਇਰਲ ਵੀਡੀਓ ਹਾਲ ਹੀ ਦੀ ਘਟਨਾ ਦਾ ਹੈ।
ਤੱਥ
ਪੀਟੀਆਈ ਫੈਕਟ ਚੈਕ ਡੈਸਕ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਫਰਜ਼ੀ ਸਾਬਤ ਕੀਤਾ।
ਸਿੱਟਾ: ਵਾਇਰਲ ਵੀਡੀਓ ਹਾਲ ਦੀ ਘਟਨਾ ਦਾ ਨਹੀਂ ਹੈ, ਬਲਕਿ 5 ਸਾਲ ਪੁਰਾਣਾ ਹੈ। ਉੱਤਰ ਪ੍ਰਦੇਸ਼ ਪੁਲਸ ਨੇ ਘਟਨਾ ਵਿੱਚ ਸ਼ਾਮਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਵਾਪਰੀ ਘਟਨਾ ਦੀ 5 ਸਾਲ ਪੁਰਾਣੀ ਵੀਡੀਓ ਨੂੰ ਹਾਲੀਆ ਦੱਸ ਕੇ ਭਰਮ ਫੈਲਾ ਰਹੇ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ PTI ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)