ਹਰਿਆਣਾ ''ਚ 90 ਫੀਸਦੀ ਪੁਲਸ ਮੁਲਾਜ਼ਮਾਂ ਨੂੰ ਮਿਲੀ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ
Tuesday, Jun 22, 2021 - 03:37 PM (IST)
ਹਰਿਆਣਾ- ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਮਨੋਜ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ਦੇ 90 ਫੀਸਦੀ ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁਕੀ ਹੈ ਅਤੇ 65 ਫੀਸਦੀ ਮੁਲਾਜ਼ਮਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਮਿਲ ਚੁਕੀਆਂ ਹਨ। ਹਰਿਆਣਾ ਪੁਲਸ 'ਚ ਹੋਮ ਗਾਰਡ ਅਤੇ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਸਮੇਤ ਕਰੀਬ 60 ਹਜ਼ਾਰ ਮੁਲਾਜ਼ਮ ਹਨ। ਪੁਲਸ ਮੁਲਾਜ਼ਮਾਂ ਲਈ ਟੀਕਾਕਰਨ ਮੁਹਿੰਮ 4 ਫਰਵਰੀ ਤੋਂ ਸ਼ੁਰੂ ਹੋਈ ਸੀ।
ਪੁਲਸ ਮੁਲਾਜ਼ਮਾਂ ਨੂੰ ਫਰੰਟਲਾਈਨ ਦੇ ਕਰਮੀਆਂ 'ਚ ਸ਼ਾਮਲ ਕੀਤਾ ਗਿਆ ਹੈ। ਯਾਦਵ ਨੇ ਇਕ ਬਿਆਨ 'ਚ ਕਿਹਾ,''ਹੁਣ ਤੱਕ 53,924 ਅਧਿਕਾਰੀਆਂ ਅਤੇ ਜਵਾਨਾਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਮਿਲ ਚੁਕੀ ਹੈ ਅਤੇ 38,988 ਤੋਂ ਵੱਧ ਕਰਮੀਆਂ ਨੂੰ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।'' ਉਨ੍ਹਾਂ ਕਿਹਾ ਕਿ 90 ਫੀਸਦੀ ਪੁਲਸ ਮੁਲਾਜ਼ਮਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਮਿਲ ਚੁਕੀ ਹੈ ਅਤੇ ਉਹ ਦੂਜੀ ਖ਼ੁਰਾਕ ਲੈਣ ਲਈ ਜ਼ਰੂਰੀ ਮਿਆਦ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 65 ਫ਼ੀਸਦੀ ਪੁਲਸ ਮੁਲਾਜ਼ਮਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਯਾਦਵ ਨੇ ਕਿਹਾ ਕਿ ਟੀਕੇ ਦਾ ਸੁਰੱਖਿਆ ਕਵਚ ਸੰਕਰਮਣ ਨੂੰ ਰੋਕਣ ਲਈ ਬੇਹੱਦ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਯਕੀਨੀ ਰੂਪ ਪਾਲਣ ਨਾਲ ਕਰਨਾ ਚਾਹੀਦਾ।