5G ਦਾ ਇੰਤਜ਼ਾਰ ਖ਼ਤਮ, PM ਮੋਦੀ ਨੇ ਸੁਤੰਤਰਤਾ ਦਿਵਸ ਦੇ ਭਾਸ਼ਣ ’ਚ ਕਹੀ ਵੱਡੀ ਗੱਲ
Monday, Aug 15, 2022 - 01:52 PM (IST)
ਗੈਜੇਟ ਡੈਸਕ– 5ਜੀ ਸੇਵਾ ਦਾ ਇੰਤਜ਼ਾਰ ਲੋਕ ਬੇਸਬਰੀ ਨਾਲ ਕਰ ਰਹੇ ਹਨ। ਹੁਣ ਲਗ ਰਿਹਾ ਹੈ ਇਸਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5ਜੀ ਸੇਵਾ ਲਾਂਚ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 5ਜੀ ਦਾ ਇੰਤਜ਼ਾਰ ਖ਼ਤਮ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 5ਜੀ ਦੇ ਦੌਰ ’ਚ ਪ੍ਰਵੇਸ਼ ਕਰ ਚੁੱਕੇ ਹਾਂ। ਇਸਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਪਿੰਡਾਂ ਨੂੰ ਆਪਟਿਕਲ ਫਾਈਬਰ ਅਤੇ ਇੰਟਰਨੈੱਟ ਦਾ ਐਕਸੈੱਸ ਮਿਲੇਗਾ। ਇਹ ਦੇਸ਼ ਦੇ ਸਾਰੇ ਪਿੰਡਾਂ ਤਕ ਪਹੁੰਚੇਗਾ।
ਕੁਝ ਰਿਪੋਰਟਾਂ ਮੁਤਾਬਕ, ਰਿਲਾਇੰਸ ਜੀਓ ਅਤੇ ਏਅਰਟੈੱਲ ਦੀ 5ਜੀ ਸੇਵਾ ਅੱਜ ਲਾਂਚ ਹੋ ਸਕਦੀ ਹੈ। ਜ਼ਿਆਦਾਤਰ ਵੱਡੀਆਂ ਟੈਲੀਕਾਮ ਕੰਪਨੀਆਂ 5ਜੀ ਸੇਵਾ ਲਾਂਚ ਨੂੰ ਲੈ ਕੇ ਕਾਫੀ ਸਮੇਂ ਤੋਂ ਕੰਮ ਕਰ ਰਹੀਆਂ ਹਨ। ਇਸਨੂੰ ਲੈ ਕੇ ਹਾਲ ਹੀ ’ਚ ਨਿਲਾਮੀ ਪੂਰੀ ਹੋਈ ਸੀ। ਜੀਓ ਅਤੇ ਏਅਰਟੈੱਲ 5ਜੀ ਸੇਵਾ ਲਾਂਚ ਕਰਨ ਦੀ ਲਗਾਤਾਰ ਤਿਆਰੀ ਕਰ ਰਹੇ ਹਨ। ਹਾਲਾਂਕਿ, ਲਾਂਚ ਤਾਰੀਖ ਨੂੰ ਲੈ ਕੇ ਅਜੇ ਤਕ ਕੁਝ ਸਾਫ ਨਹੀਂ ਹੈ।
ਪਹਿਲਾਂ ਦੀ ਇਕ ਰਿਪੋਰਟ ਮੁਤਾਬਕ, ਜੀਓ ਨੇ ਇਸ਼ਾਰਾ ਕੀਤਾ ਸੀ ਕਿ 5ਜੀ ਸੇਵਾ ਪੂਰੇ ਦੇਸ਼ ’ਚ 15 ਅਗਸਤ ਨੂੰ ਲਾਂਚ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਕੰਪਨੀ ਇਸ ਵਾਰ ਇਕ 5ਜੀ ਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ। ਜੀਓ ਨੇ ਪਿਛਲੇ ਸਾਲ ਆਪਣਾ ਪਹਿਲਾ ਸਮਾਰਟਫੋਨ ਲਾਂਚ ਕੀਤਾ ਸੀ।
ਏਅਰਟੈੱਲ ਨੇ ਵੀ ਇਸਤੋਂ ਪਹਿਲਾਂ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਸੀ ਕਿ ਇਸ ਮਹੀਨੇ ਦੇ ਅਖੀਰ ਤਕ ਕੰਪਨੀ 5ਜੀ ਸੇਵਾ ਨੂੰ ਲਾਂਚ ਕਰ ਸਕਦੀ ਹੈ। ਇਸਤੋਂ ਪਹਿਲਾਂ ਕੰਪਨੀ ਇਸਦਾ ਟ੍ਰਾਇਲ ਪੂਰਾ ਕਰ ਚੁੱਕੀ ਹੈ। ਇਸਤੋਂ ਇਲਾਵਾ ਵੋਡਾਫੋਨ-ਆਈਡੀਆ ਵੀ ਜਲਦ 5ਜੀ ਸੇਵਾ ਨੂੰ ਦੇਸ਼ ’ਚ ਲਾਂਚ ਕਰ ਸਕਦੀ ਹੈ। ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ 5ਜੀ ਸੇਵਾ ਦੀ ਕੀਮਤ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈ ਸਕਦੇ ਹਨ। ਇਸਦਾ ਮਤਲਬ ਇਹ ਹੈ ਕਿ 5ਜੀ, 4ਜੀ ਪੈਕ ਤੋਂ ਜ਼ਿਆਦਾ ਮਹਿੰਗਾ ਹੋਵੇਗਾ। ਹਾਲਾਂਕਿ, ਇਸ ਵਿਚ ਤੁਹਾਨੂੰ 4ਜੀ ਦੇ ਮੁਕਾਬਲੇ ਕਾਫੀ ਜ਼ਿਆਦਾ ਸਪੀਡ ਮਿਲੇਗੀ।