ਬੁਲੰਦਸ਼ਹਿਰ: ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਦੀ ਮੌਤ, 16 ਦੀ ਹਾਲਤ ਗੰਭੀਰ

01/08/2021 2:28:52 PM

ਬੁਲੰਦਸ਼ਹਿਰ– ਉੱਤਰ-ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ’ਚ ਥਾਣਾ ਪੁਲਸ ਦੀ ਲਾਪਰਵਾਹੀ ਮੰਨਦੇ ਹੋਏ ਥਾਣਾ ਇੰਚਾਰਜ ਦਿਕਸ਼ਿਤ ਕੁਮਾਰ ਤਿਆਗੀ, ਹਲਕਾ ਇੰਚਾਰਜ ਅਤੇ ਚੌਂਕੀ ਇੰਚਾਰਜ ਪ੍ਰਭਾਰੀ ਅਨੋਖੇ ਪੁਰੀ ਨੂੰ ਸਸਪੈਂਡ ਕੀਤਾ ਗਿਆ ਹੈ। ਨਾਲ ਹੀ ਮਾਮਲੇ ’ਚ ਤਿੰਨ ਲੋਕਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। 

ਸਿਕੰਦਰਾਬਾਦ ਕੋਤਵਾਲੀ ਖੇਤਰ ਦੇ ਪਿੰਡ ਜੀਤਗੜ੍ਹੀ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕ ਬੀਮਾਰ ਹੋ ਗਏ, ਜਿਨ੍ਹਾਂ ’ਚੋਂ ਅੱਜ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 16 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸ਼ਰਾਬ ਮਾਫੀਆ ਅਤੇ ਆਬਕਾਰੀ ਵਿਭਾਗ ਦੀ ਮਿਲੀ ਭੁਗਤ ਨਾਲ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸ਼ਰਾਬ ਮਾਫੀਆ ਕੁਲਦੀਪ ਫਰਾਰ ਹੈ। 

ਡੀ.ਐੱਮ. ਰਵਿੰਦਰ ਕੁਮਾਰ ਨੇ ਕਿਹਾ ਕਿ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਲੋਕਾਂ ਦੀ ਹਾਲਤ ਖ਼ਰਾਬ ਹੈ। ਸਾਡੀ ਪਹਿਲ ਇਨ੍ਹਾਂ 16 ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਹੈ। ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਲੋਕਾਂ ਨੇ ਸ਼ਰਾਬ ਪੀਤੀ ਸੀ, ਇਸ ਤੋਂ ਬਾਅਦ ਇਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਪਤਾ ਲੱਗ ਸਕੇ ਕਿ ਮੌਤ ਦੇ ਪਿਛੇ ਕਾਰਨ ਕੀ ਹੈ। 

ਬੁਲੰਦਸ਼ਹਿਰ ਦੀ ਘਟਨਾ ’ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਦੋਸ਼ੀਆਂ ’ਤੇ ਐੱਨ.ਐੱਸ.ਏ. ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਜਾ ਕੇ ਹਰ ਪੀੜਤ ਨੂੰ ਬਿਹਤਰ ਇਲਾਜ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਾਲ ਹੀ ਦੋਸ਼ੀ ਡਿਸਟੀਲਰੀ ਖਿਲਾਫ ਵੀ ਸਖਤ ਕਾਰਵਾਈ ਦਾ ਆਦੇਸ਼ ਦਿੱਤਾ ਗਿਆ ਹੈ। 

 

ਬੁਲੰਦਸ਼ਹਿਰ ਦੇ ਐੱਸ.ਐੱਸ.ਪੀ. ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਲਾਪਰਵਾਹੀ ਦੇ ਦੋਸ਼ ’ਚ ਥਾਣਾ ਇੰਚਾਰਜ ਦਿਕਸ਼ਿਤ ਕੁਮਾਰ ਤਿਆਗੀ, ਹਲਕਾ ਇੰਚਾਰਜ ਅਤੇ ਚੌਂਕੀ ਇੰਚਾਰਜ ਪ੍ਰਭਾਰੀ ਅਨੋਖੀ ਪੁਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ ਦੋਸ਼ ਦੀ ਭਾਲ ਸ਼ੁਰੂ ਹੋ ਗਈ ਹੈ। ਬੀਮਾਰ ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 


Rakesh

Content Editor

Related News