ਮਾਮਲਾ ਟਰੰਪ ਦੇ ਅਹਿਮਦਾਬਾਦ ਦੌਰੇ ਦਾ, ਝੁੱਗੀ ਵਾਸੀਆਂ ਨੂੰ ਥਾਂ ਖਾਲੀ ਕਰਨ ਦਾ ਨੋਟਿਸ
Tuesday, Feb 18, 2020 - 07:04 PM (IST)

ਅਹਿਮਦਾਬਾਦ – ਗੁਜਰਾਤ ਦੇ ਅਹਿਮਦਾਬਾਦ ਦੀ ਨਗਰ ਨਿਗਮ ਨੇ ਨਵੇਂ ਬਣੇ ਮੋਟੇਰਾ ਸਟੇਡੀਅਮ ਨੇੜੇ ਝੁੱਗੀਆਂ ਵਿਚ ਰਹਿ ਰਹੇ ਘੱਟੋ-ਘੱਟ 45 ਪਰਿਵਾਰਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ 24 ਫਰਵਰੀ ਦੀ ਨਿਰਧਾਰਿਤ ਯਾਤਰਾ ਤੋਂ ਪਹਿਲਾਂ ਉਸ ਥਾਂ ਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ। ਅਧਿਕਾਰੀਆਂ ਨੇ ਭਾਵੇਂ ਇਸ ਨੋਟਿਸ ਦਾ ਟਰੰਪ ਦੀ ਯਾਤਰਾ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹੀ ਹੈ ਪਰ ਝੁੱਗੀ ਵਾਸੀਆਂ ਨੇ ਇਸ ਕਦਮ ਦੇ ਸਮੇਂ ਨੂੰ ਲੈ ਕੇ ਸਵਾਲ ਉਠਾਏ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਨਗਰ ਨਿਗਮ ਨੇ ਝੁੱਗੀਆਂ ਨੂੰ ਕਥਿਤ ਤੌਰ ’ਤੇ ਢਕਣ ਲਈ ਇਕ ਉੱਚੀ ਕੰਧ ਖੜ੍ਹੀ ਕਰਨੀ ਸ਼ੁਰੂ ਕੀਤੀ ਸੀ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਇਕ ਹਫਤੇ ਅੰਦਰ ਸਾਰੇ ਸਾਮਾਨ ਸਮੇਤ ਥਾਂ ਖਾਲੀ ਕਰ ਦਿੱਤੀ ਜਾਏ, ਨਹੀਂ ਤਾਂ ਕਾਰਵਾਈ ਕੀਤੀ ਜਾਏਗੀ। ਝੁੱਗੀਆਂ ਅਹਿਮਦਾਬਾਦ ਅਤੇ ਗਾਂਧੀਨਗਰ ਨੂੰ ਜੋੜਨ ਵਾਲੀ ਸੜਕ ’ਤੇ ਬਣੀਆਂ ਹੋਈਆਂ ਹਨ। ਇਹ ਥਾਂ ਮੋਟੇਰਾ ਸਟੇਡੀਅਮ ਤੋਂ ਲਗਭਗ ਡੇਢ ਕਿਲੋਮੀਟਰ ਦੀ ਦੂਰੀ ’ਤੇ ਹੈ।