ਇੰਦੌਰ: 4 ਮਹੀਨਿਆਂ ਦੀ ਬੱਚੀ ਨਾਲ ਰੇਪ ਅਤੇ ਕਤਲ, ਲਾਸ਼ ਦੇਖ ਪੁਲਸ ਵਾਲਿਆਂ ਦੇ ਵੀ ਨਿਕਲੇ ਹੰਝੂ
Saturday, Apr 21, 2018 - 10:21 AM (IST)

ਇੰਦੌਰ— ਇੰਨੀਂ ਦਿਨੀਂ ਜਿੱਥੇ ਕਠੂਆ ਅਤੇ ਓਨਾਵ ਗੈਂਗਰੇਪ ਕੇਸ ਨੂੰ ਲੈ ਕੇ ਦੇਸ਼ ਗੁੱਸੇ ਨਾਲ ਉੱਬਲ ਰਿਹਾ ਹੈ, ਉੱਥੇ ਹੀ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਹੈ। ਇੱਥੇ ਚਾਰ ਮਹੀਨਿਆਂ ਦੀ ਬੱਚੀ ਦੀ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਬੱਚੀ ਨਾਲ ਬੇਰਹਿਮੀ ਦੀ ਹੱਦ ਇਸ ਕਦਰ ਪਾਰ ਕਰ ਦਿੱਤੀ ਗਈ, ਇਹ ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ ਲਾਸ਼ ਦੇਖਦੇ ਹੀ ਪੁਲਸ ਕਰਮਚਾਰੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ। ਘਟਨਾ ਵੀਰਵਾਰ ਦੇਰ ਰਾਤ ਇੰਦੌਰ ਦੇ ਇਤਿਹਾਸਕ ਰਜਵਾੜਾ ਖੇਤਰ ਦੀ ਹੈ। ਇਲਾਕੇ 'ਚ ਸਥਿਤ ਸ਼ਿਵ ਵਿਲਾਸ ਪੈਲੇਸ ਦੇ ਬੇਸਮੈਂਟ ਏਰੀਆ 'ਚ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪੌੜੀਆਂ 'ਤੇ ਖੂਨ ਦੇ ਨਿਸ਼ਾਨ ਹੈਵਾਨੀਅਤ ਦੀ ਗਵਾਹੀ ਦੇ ਰਹੇ ਸਨ। ਬੱਚੀ ਦੀ ਲਾਸ਼ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਇਕ ਛੋਟੇ ਬੰਡਲ 'ਚ ਉਸ ਨੂੰ ਲਿਜਾਂਦੇ ਹੋਏ ਸਖਤ ਪੁਲਸ ਕਰਮਚਾਰੀਆਂ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਪਰਿਵਾਰ ਦੇ ਇਕ ਸ਼ੱਕੀ ਨੂੰ ਹੀ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਹੈ। ਲਾਸ਼ ਪ੍ਰੀਖਣ ਰਿਪੋਰਟ 'ਚ ਵੀ ਬੱਚੀ ਨਾਲ ਹੈਵਾਨੀਅਤ ਦੀ ਪੁਸ਼ਟੀ ਕੀਤੀ ਗਈ। ਇਸ 'ਚ ਕਿਹਾ ਗਿਆ ਕਿ ਬੱਚੀ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ। ਦੂਜੇ ਪਾਸੇ ਮਾਮਲੇ 'ਚ ਲਾਪਰਵਾਹੀ ਵਰਤਣ 'ਤੇ ਸਰਾਫਾ ਪੁਲਸ ਸਟੇਸ਼ਨ ਤੋਂ ਐੱਸ.ਆਈ. ਤ੍ਰੋਲਿਕ ਸਿੰਘ ਵਰਕੜੇ ਨੂੰ ਸਸਪੈਂਡ ਕਰ ਦਿੱਤਾ ਗਿਆ। ਡੀ.ਆਈ.ਜੀ. ਹਰਿਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ,''ਐੱਸ.ਆਈ. ਇਲਾਕੇ 'ਚ ਹੋਏ ਇਸ ਅਪਰਾਧ ਬਾਰੇ ਸੀਨੀਅਰ ਨੂੰ ਸੂਚਿਤ ਕਰਨ 'ਚ ਅਸਫ਼ਲ ਰਹੇ।'' ਰਜਵਾੜਾ ਇੰਦੌਰ ਦਾ ਸੰਸਕ੍ਰਿਤੀ ਅਤੇ ਬਿਜ਼ਨੈੱਸ ਨਰਵ ਸੈਂਟਰ ਹੈ। ਬੱਚੀ ਦਾ ਪਿਤਾ ਗੁਬਾਰੇ ਵੇਚ ਕੇ ਖਰਚਾ ਚਲਾਉਂਦਾ ਹੈ ਅਤੇ ਨੇੜੇ ਹੀ ਰਹਿੰਦਾ ਹੈ। ਇਸ ਮਾਮਲੇ 'ਚ ਕਠੂਆ ਗੈਂਗਰੇਪ ਦੀ ਘਟਨਾ ਨਾਲ ਸਮਾਨਤਾ ਹੈ। ਕਠੂਆ ਦੀ ਹੀ ਤਰ੍ਹਾਂ ਇੰਦੌਰ ਮਾਮਲੇ 'ਚ ਨਾਬਾਲਗ ਦੇ ਮਾਤਾ-ਪਿਤਾ ਖਾਨਾਬਦੋਸ਼ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚੀ ਆਪਣੇ ਪਰਿਵਾਰ ਨਾਲ ਰਜਵਾੜੇ ਦੇ ਬਾਹਰ ਬਣੇ ਬਰਾਮਦੇ 'ਚ ਸੌਂ ਰਹੀ ਸੀ, ਇਸੇ ਦੌਰਾਨ ਉਸ ਨੂੰ ਅਗਵਾ ਕਰ ਲਿਆ ਗਿਆ।
ਇਲਾਕੇ 'ਚ ਗਸ਼ਤ 'ਚ ਸਨ ਪੁਲਸ ਕਰਮਚਾਰੀ, ਉਦੋਂ ਹੋਈ ਵਾਰਦਾਤ
ਮਾਮਲੇ ਦੀ ਜਾਂਚ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਮਦਦ ਲਈ ਗਈ। ਇਕ ਫੁਟੇਜ 'ਚ ਵਿਅਕਤੀ ਸਾਈਕਲ 'ਤੇ ਆਉਂਦਾ ਹੋਇਆ ਦਿਖਾਈ ਦਿੱਤਾ। ਸਵੇਰੇ ਕਰੀਬ ਪੌਨੇ 5 ਵਜੇ ਉਹ ਬੱਚੀ ਨੂੰ ਚੁੱਕ ਕੇ ਸ਼ਿਵ ਵਿਲਾਸ ਪੈਲੇਸ ਦੇ ਇਕ ਹਿੱਸੇ 'ਚ ਬਣੇ ਕਮਰਸ਼ਲ ਕੰਪਲੈਕਸ ਵੱਲ ਲੈ ਗਿਆ। ਫੁਟੇਜ 'ਚ ਵਿਅਕਤੀ ਹਾਦਸੇ ਵਾਲੀ ਜਗ੍ਹਾ ਤੋਂ ਇਕੱਠੇ ਆਉਂਦੇ ਹੋਏ ਦਿੱਸਦਾ ਹੈ। ਸ਼ੁਰੂਆਤ 'ਚ ਪੁਲਸ ਨੇ ਪਰਿਵਾਰ ਦੇ ਇਕ ਰਿਸ਼ਤੇਦਾਰ ਨੂੰ ਵੀ ਹਿਰਾਸਤ 'ਚ ਲਿਆ ਬਾਅਦ 'ਚ ਉਸ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਪਰਿਵਾਰ ਦੇ ਇਕ ਸ਼ੱਕੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਸ ਦੇ ਖੂਨ ਨਾਲ ਲਿੱਬੜੇ ਕੱਪੜੇ ਅਤੇ ਸਾਈਕਲ ਬਰਾਮਦ ਕਰ ਲਈ। ਡੀ.ਆਈ.ਜੀ. ਨੇ ਦੱਸਿਆ,''ਇਹ ਘਟਨਾ ਉਦੋਂ ਹੋਈ, ਜਦੋਂ ਇਲਾਕੇ 'ਚ ਪੁਲਸ ਕਰਮਚਾਰੀ ਗਸ਼ਤ 'ਤੇ ਸਨ ਪਰ ਚਾਰ ਮਹੀਨਿਆਂ ਦੀ ਬੱਚੀ ਘਰ ਦੇ ਦੂਜੇ ਪੁਰਸ਼ਾਂ ਅਤੇ ਔਰਤਾਂ ਨਾਲ ਸੌਂ ਰਹੀ ਸੀ ਅਤੇ ਅਪਰਾਧੀ ਵੀ ਉਨ੍ਹਾਂ 'ਚੋਂ ਇਕ ਸੀ।''
Indore: Girl under one year of age killed after allegedly being raped in MG Road police station limits. Police reached the spot after getting information that a child's body is lying unattended with blood spots around it. One arrested #MadhyaPradesh pic.twitter.com/FSvno5Mwr4
— ANI (@ANI) April 21, 2018
ਸਿਰ 'ਤੇ ਸੱਟ ਲੱਗਣ ਕਾਰਨ ਬੱਚੀ ਦੀ ਮੌਤ
ਬੱਚੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਸਵੇਰੇ 3 ਵਜੇ ਦੇ ਕਰੀਬ ਉੱਠੀ, ਬੱਚਿਆਂ ਨੂੰ ਦੇਖਿਆ ਸਾਰੇ ਸੁਰੱਖਿਅਤ ਸਨ। ਇਸ ਤੋਂ ਬਾਅਦ ਜਦੋਂ 5.30 ਵਜੇ ਉਠੇ ਤਾਂ ਦੇਖਿਆ ਕਿ ਬੱਚੀ ਗਾਇਬ ਹੈ। ਨੇੜੇ-ਤੇੜੇ ਬੱਚੀ ਨਾ ਮਿਲਣ 'ਤੇ ਉਨ੍ਹਾਂ ਨੇ ਸਰਾਫਾ ਪੁਲਸ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ। ਸਵੇਰੇ ਕਰੀਬ 11.30 ਵਜੇ ਬੱਚੀ ਦੀ ਲਾਸ਼ ਰਾਣੀ ਅਹਿਲਯਾ ਬਾਈ ਦੀ ਮੂਰਤੀ ਦੇ ਪਿੱਛੇ ਕਰੀਬ 100 ਮੀਟਰ ਦੀ ਦੂਰੀ 'ਤੇ ਮਿਲੀ। ਇਕ ਦੁਕਾਨਦਾਰ ਨੇ ਬੱਚੀ ਦੀ ਪਛਾਣ ਕੀਤੀ। ਪੁਲਸ ਨੇ ਬੇਸਮੈਂਟ ਏਰੀਆ 'ਚ ਖੂਨ ਨਾਲ ਗਰਾਊਂਡ ਫਲੋਰ ਵੱਲ ਜਾਣ ਵਾਲੀਆਂ ਪੌੜੀਆਂ 'ਤੇ ਖੂਨ ਦੇ ਨਿਸ਼ਾਨ ਦੇਖੇ। ਡੀ.ਆਈ.ਜੀ. ਨੇ ਦੱਸਿਆ,''ਅਸੀਂ ਸ਼ੱਕੀ ਤੋਂ ਪੁੱਛ-ਗਿੱਛ ਕਰ ਰਹੇ ਹਾਂ। ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਕਿ ਬੱਚੀ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ।'' ਡੀ.ਆਈ.ਜੀ. ਨੇ ਦੱਸਿਆ ਕਿ ਬੱਚੀ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਯੌਨ ਉਤਪੀੜਨ ਕੀਤਾ ਗਿਆ।