ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਢੇਰ, 4 ਸੁਰੱਖਿਆ ਮੁਲਾਜ਼ਮ ਜ਼ਖਮੀ

Sunday, Nov 03, 2024 - 09:49 AM (IST)

ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਢੇਰ, 4 ਸੁਰੱਖਿਆ ਮੁਲਾਜ਼ਮ ਜ਼ਖਮੀ

ਜੰਮੂ/ਸ਼੍ਰੀਨਗਰ (ਅਰੁਣ)- ਸੁਰੱਖਿਆ ਫੋਰਸਾਂ ਨੇ ਸ਼ਨੀਵਾਰ 2 ਵੱਖ-ਵੱਖ ਮੁਕਾਬਲਿਆਂ ’ਚ ਲਸ਼ਕਰ ਦੇ ਇਕ ਕਮਾਂਡਰ ਸਮੇਤ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਫਾਇਰਿੰਗ ਕੀਤੀ ਤੇ ਸ਼੍ਰੀਨਗਰ ਦੇ ਖਾਨਯਾਰ ਸਥਿਤ ਇਕ ਘਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਤਾਂ ਜੋ ਲੁਕੇ ਹੋਏ ਅੱਤਵਾਦੀਆਂ ਨੂੰ ਖਤਮ ਕੀਤਾ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਪੁਰਾਣੇ ਸ੍ਰੀਨਗਰ ਸ਼ਹਿਰ ਦੇ ਖਾਨਯਾਰ ਇਲਾਕੇ ’ਚ ਸ਼ਨੀਵਾਰ ਸਵੇਰ ਤੋਂ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਵਿਦੇਸ਼ੀ ਅੱਤਵਾਦੀ ਨੂੰ ਮਾਰ ਦਿੱਤਾ। ਇਸ ਤੋਂ ਪਹਿਲਾਂ ਸੀ.ਆਰ.ਪੀ.ਐੱਫ. ਦੇ 2 ਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ 2 ਜਵਾਨਾਂ ਸਮੇਤ 4 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਇਲਾਕੇ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ । ਉਸ ਪਿੱਛੋਂ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਜਿਵੇਂ ਹੀ ਜਵਾਨਾਂ ਦੀ ਟੁਕੜੀ ਅੱਤਵਾਦੀਆਂ ਦੇ ਟਿਕਾਣੇ ਨੇੜੇ ਪਹੁੰਚੀ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ’'ਚ ਇਕ ਅੱਤਵਾਦੀ ਮਾਰਿਆ ਗਿਆ। ਸ਼੍ਰੀਨਗਰ ਸ਼ਹਿਰ ਦੇ ਕੇਂਦਰ ’ਚ ਲੰਬੇ ਸਮੇਂ ਪਿੱਛੋਂ ਕੋਈ ਮੁਕਾਬਲਾ ਹੋਇਆ ਹੈ। ਆਈ. ਜੀ. ਪੀ (ਕਸ਼ਮੀਰ) ਵੀ. ਕੇ. ਬਿਰਦੀ ਨੇ ਕਿਹਾ ਕਿ ਮਾਰਿਆ ਗਿਆ ਵਿਦੇਸ਼ੀ ਅੱਤਵਾਦੀ ਕਮਾਂਡਰ ਉਸਮਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਨਾਲ ਜੁੜਿਆ ਹੋਇਆ ਸੀ । ਇੰਸਪੈਕਟਰ ਮਸਰੂਰ ਦੀ ਹੱਤਿਆ ’ਚ ਉਸ ਦੀ ਭੂਮਿਕਾ ਤੇ ਸ਼ਮੂਲੀਅਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਖਾਨਯਾਰ ਆਪਰੇਸ਼ਨ ਪੂਰਾ ਹੋ ਗਿਆ ਹੈ। ਉਨ੍ਹਾਂ ਹਸਪਤਾਲ ’ਚ ਦਾਖਲ ਸੁਰੱਖਿਆ ਮੁਲਾਜ਼ਮਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।

ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਹਲਕਾਨ ਇਲਾਕੇ ’ਚ 2 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਮੁਤਾਬਕ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਾਸ ਸੂਚਨਾ ’ਤੇ ਇਕ ਮੁਹਿੰਮ ਚਲਾਈ ਗਈ ਸੀ। ਇਹ ਮੁਕਾਬਲਾ ਸ਼ਨੀਵਾਰ ਅਨੰਤਨਾਗ ਜ਼ਿਲੇ ਦੇ ਸ਼ਾਂਗਸ-ਲਾਰਨੂ ਖੇਤਰ ਦੇ ਹਲਕਾਨ ਕੋਲ ਹੋਇਆ ਜੋ ਦੱਖਣੀ ਕਸ਼ਮੀਰ ’ਚ ਇੱਕਾ-ਦੁੱਕਾ ਅੱਤਵਾਦੀ ਘਟਨਾਵਾਂ ਲਈ ਜਾਣਿਆ ਜਾਂਦਾ ਹੈ। ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਦੀ ਪਛਾਣ ਵਿਦੇਸ਼ੀ ਨਾਗਰਿਕ ਵਜੋਂ ਹੋਈ ਹੈ। ਸ਼ਨੀਵਾਰ ਰਾਤ ਆਖਰੀ ਖਬਰਾਂ ਮਿਲਣ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਸੀ। ਅਧਿਕਾਰੀ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਓਧਰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ’ਚ ਵੱਡੇ ਪੱਧਰ ’ਤੇ ਤਲਾਸ਼ੀਆਂ ਦੀ ਮੁਹਿੰਮ ਚਲਾਈ ਗਈ। ਫੌਜ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਬਾਂਦੀਪੋਰਾ ਦੇ ਪਨਾਰ ਇਲਾਕੇ ’ਚ ਸ਼ੱਕੀ ਸਰਗਰਮੀਆਂ ਵੇਖਣ ਤੋਂ ਬਾਅਦ ਜਦੋਂ ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਚੁਣੌਤੀ ਦਿੱਤੀ ਤਾਂ ਉਨ੍ਹਾਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਫਿਰ ਨੇੜੇ ਦੇ ਜੰਗਲ ’ਚ ਭੱਜ ਗਏ। ਇਲਾਕੇ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਜਾਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News