ਜੋ ਦੇਸ਼ ਲਈ ਹੋਏ ਕੁਰਬਾਨ, ਉਨ੍ਹਾਂ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ

10/20/2019 2:58:14 PM

ਨਾਗਪੁਰ (ਭਾਸ਼ਾ)— ਦੇਸ਼ ਵਿਚ ਸਤੰਬਰ 2018 ਤੋਂ ਲੈ ਕੇ ਇਸ ਸਾਲ ਅਗਸਤ ਮਹੀਨੇ ਤਕ ਅੱਤਵਾਦ ਰੋਕੂ ਅਤੇ ਹੋਰ ਮੁਹਿੰਮਾਂ ਵਿਚ ਸੀ. ਆਰ. ਪੀ. ਐੱਫ. ਅਤੇ ਬੀ. ਐੱਸ. ਐੱਫ. ਵਰਗੇ ਨੀਮ ਫੌਜੀ ਬਲਾਂ ਦੇ ਕਰਮਚਾਰੀਆਂ ਸਮੇਤ ਕੁੱਲ 292 ਪੁਲਸ ਕਰਮਚਾਰੀ ਸ਼ਹੀਦ ਹੋਏ ਹਨ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਵਿਚ ਦਿੱਤੀ ਗਈ ਹੈ। ਅੰਕੜਿਆਂ 'ਚ ਜ਼ਿਕਰ ਕੀਤਾ ਗਿਆ ਹੈ ਕਿ ਆਜ਼ਾਦੀ ਤੋਂ ਲੈ ਕੇ ਇਸ ਸਾਲ ਅਗਸਤ ਤਕ 35 ਹਜ਼ਾਰ ਤੋ ਵਧ ਪੁਲਸ ਕਰਮਚਾਰੀਆਂ ਨੇ ਆਪਣਾ ਬਲੀਦਾਨ ਦਿੱਤਾ ਹੈ। ਸਤੰਬਰ 2018 ਤੋਂ ਇਸ ਸਾਲ ਅਗਸਤ ਤਕ ਸ਼ਹੀਦ ਹੋਣ ਵਾਲੇ ਸੂਬਾ ਪੁਲਸ ਅਤੇ ਨੀਮ ਫੌਜੀ ਬਲਾਂ ਦੇ ਕਰਮਚਾਰੀਆਂ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਕਰਮਚਾਰੀਆਂ ਦੀ ਗਿਣਤੀ ਸਭ ਤੋਂ ਵੱਧ 67 ਹੈ। ਇਨ੍ਹਾਂ ਵਿਚ  ਸੀ. ਆਰ. ਪੀ. ਐੱਫ. ਦੇ ਉਹ 40 ਜਵਾਨ ਵੀ ਸ਼ਾਮਲ ਹਨ, ਜੋ ਇਸ ਸਾਲ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋ ਗਏ ਸਨ। 

ਵੱਖ-ਵੱਖ ਪੁਲਸ ਬਲਾਂ ਅਤੇ ਸੰਗਠਨਾਂ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਇਕ ਸਾਲ ਦੇ ਸਮੇਂ ਦੌਰਾਨ ਸ਼ਹੀਦ ਹੋਣ ਵਾਲਿਆਂ ਵਿਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ 41, ਭਾਰਤ-ਤਿੱਬਤ ਪੁਲਸ ਦੇ 23 ਅਤੇ ਜੰਮੂ-ਕਸ਼ਮੀਰ ਪੁਲਸ ਦੇ 24 ਕਰਮਚਾਰੀ ਸ਼ਾਮਲ ਹਨ। ਸੂਚੀ ਵਿਚ ਮਹਾਰਾਸ਼ਟਰ ਪੁਲਸ ਦੇ 20 ਕਰਮਚਾਰੀਆਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ 'ਚੋਂ 15 ਇਸ ਸਾਲ ਮਈ ਵਿਚ ਗੜ੍ਹਚਿਰੌਲੀ 'ਚ ਮਾਓਵਾਦੀਆਂ ਵਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ਵਿਚ ਸ਼ਹੀਦ ਹੋ ਗਏ ਸਨ। ਸ਼ਹੀਦ ਹੋਣ ਵਾਲਿਆਂ ਵਿਚ ਛੱਤੀਸਗੜ੍ਹ ਪੁਲਸ ਦੇ 14, ਕਰਨਾਟਕ ਪੁਲਸ ਦੇ 12, ਰੇਲਵੇ ਰੱਖਿਆ ਬਲ (ਆਰ. ਪੀ. ਐੱਫ.) ਦੇ 11, ਦਿੱਲੀ ਪੁਲਸ ਦੇ 10, ਰਾਜਸਥਾਨ ਪੁਲਸ ਦੇ 10, ਬਿਹਾਰ ਪੁਲਸ ਦੇ 7 ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ 6 ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਝਾਰਖੰਡ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਪੁਲਸ ਬਲਾਂ ਅਤੇ ਹਥਿਆਰਬੰਦ ਸੁਰੱਖਿਆ ਬਲ, ਐੱਨ. ਡੀ. ਆਰ. ਐੱਫ. ਅਤੇ ਅਸਾਮ ਰਾਈਫਲਜ਼ ਦੇ ਕਰਮਚਾਰੀਆਂ ਦੇ ਨਾਂ ਸ਼ਹੀਦ ਹੋਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ। ਅੰਕੜਿਆਂ ਮੁਤਾਬਕ ਨੀਮ ਫੌਜੀ ਬਲਾਂ ਦੇ ਸ਼ਹੀਦ ਹੋਣ ਵਾਲੇ ਜਵਾਨਾਂ ਵਿਚੋਂ ਜ਼ਿਆਦਾਤਰ ਦੀ ਜਾਨ ਨਕਸਲਵਾਦ ਅਤੇ ਸਰਹੱਦ ਪਾਰ ਚਲਾਏ ਜਾ ਰਹੇ ਅੱਤਵਾਦ ਕਾਰਨ ਗਈ। ਸ਼ਹੀਦ ਪੁਲਸ ਕਰਮਚਾਰੀਆਂ ਦੇ ਨਾਂ ਸੋਮਵਾਰ ਨੂੰ ਪੁਲਸ ਯਾਦਗਰੀ ਦਿਵਸ ਦੌਰਾਨ ਪੜ੍ਹੇ ਜਾਣਗੇ।


Tanu

Content Editor

Related News