UP 'ਚ ਵੱਡਾ ਸੜਕ ਹਾਦਸਾ, ਦਿੱਲੀ ਜਾ ਰਹੀ ਬੱਸ ਦੇ 29 ਸਵਾਰਾਂ ਦੀ ਮੌਤ

Monday, Jul 08, 2019 - 08:13 AM (IST)

UP 'ਚ ਵੱਡਾ ਸੜਕ ਹਾਦਸਾ, ਦਿੱਲੀ ਜਾ ਰਹੀ ਬੱਸ ਦੇ 29 ਸਵਾਰਾਂ ਦੀ ਮੌਤ

ਲਖਨਊ— ਉੱਤਰ ਪ੍ਰਦੇਸ਼ (ਯੂ. ਪੀ.) ਦੇ ਆਗਰਾ 'ਚ ਸੋਮਵਾਰ ਤੜਕੇ ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਯਮੁਨਾ ਐਕਸਪ੍ਰੈੱਸ ਵੇਅ 'ਤੇ ਝਰਨਾ ਨਾਲੇ 'ਚ ਡਿੱਗ ਗਈ, ਜਿਸ ਕਾਰਨ ਇਸ 'ਚ ਸਵਾਰ 29 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ। ਪੁਲਸ ਅਤੇ ਰਾਹਤ ਦਲ ਮੌਕੇ 'ਤੇ ਮੌਜੂਦ ਹੈ।


ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਮੁਖੀ ਨੂੰ ਜ਼ਖਮੀ ਲੋਕਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਹੁਕਮ ਦਿੱਤਾ ਹੈ। ਇਹ ਬੱਸ ਅਵਧ ਡਿਪੂ ਦੀ ਸੀ ਜੋ ਲਖਨਊ ਤੋਂ ਦਿੱਲੀ ਜਾ ਰਹੀ ਸੀ। ਘਟਨਾ ਮਗਰੋਂ ਯੂ. ਪੀ. ਰੋਡਵੇਜ਼ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਕ ਮਦਦ ਦਿੱਤੀ ਜਾਵੇਗੀ। ਇਸ ਘਟਨਾ 'ਚ 2 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬੱਸ 'ਚ ਲਗਭਗ 50 ਯਾਤਰੀ ਸਵਾਰ ਸਨ।

 

PunjabKesari

ਇਹ ਘਟਨਾ ਤੜਕਸਾਰ 4.30 ਵਜੇ ਦੀ ਦੱਸੀ ਜਾ ਰਹੀ ਹੈ। ਜ਼ਖਮੀ ਲੋਕਾਂ 'ਚ ਮਹਿਲਾਵਾਂ ਤੇ ਬੱਚੇ ਵੀ ਹਨ। ਇਕ ਉੱਚ ਪੁਲਸ ਅਧਿਕਾਰੀ ਬਬਲੂ ਕੁਮਾਰ ਮੁਤਾਬਕ, ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਯਮੁਨਾ ਐਕਸਪ੍ਰੈੱਸ ਵੇਅ 'ਤੇ ਝਰਨਾ ਨਾਲੇ 'ਚ ਡਿੱਗ ਗਈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਖਮੀ ਲੋਕਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਨਾਲੇ 'ਚ ਡਿੱਗੀ ਬੱਸ ਨੂੰ ਵੀ ਕ੍ਰੇਨ ਦੀ ਸਹਾਇਤਾ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।


Related News