ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ 1300 ਕਰੋੜ ਰੁਪਏ ਦੀ 260 ਕਿਲੋ ਹੈਰੋਇਨ ਬਰਾਮਦ

04/22/2022 1:13:26 PM

ਕੱਛ- ਗੁਜਰਾਤ ਅੱਤਵਾਦੀ ਰੋਕੂ ਦਸਤੇ (ਏ.ਟੀ.ਐੱਸ.) ਅਤੇ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੂੰ ਵੀਰਵਾਰ ਨੂੰ ਵੱਡੀ ਸਫ਼ਲਤਾ ਮਿਲੀ। ਏ.ਟੀ.ਐੱਸ. ਅਤੇ ਡੀ.ਆਰ.ਆਈ. ਨੇ ਸੂਬੇ ਦੇ ਕੱਛ ਜ਼ਿਲ੍ਹੇ 'ਚ ਕਾਂਡਲਾ ਬੰਦਰਗਾਹ ਕੋਲ ਸਟੇਸ਼ਨ 'ਤੇ ਇਕ ਸਾਂਝੀ ਮੁਹਿੰਮ 'ਚ ਵੀਰਵਾਰ ਨੂੰ ਛਾਪਾ ਮਾਰਿਆ। ਇਸ ਛਾਪੇਮਾਰੀ 'ਚ ਇਕ ਕੰਟੇਨਰ ਤੋਂ ਕਰੀਬ 260 ਕਿਲੋ ਹੈਰੋਇਨ ਮਿਲੀ। ਇਸ ਹੈਰੋਇਨ ਦੀ ਕੀਮਤ 1300 ਕਰੋੜ ਰੁਪਏ ਦੱਸੀ ਜਾ ਰਹੀ ਹੈ। ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਰਾਜ ਦੇ ਮੁੰਦਰਾ ਬੰਦਰਗਾਹ 'ਤੇ 2 ਕੰਟੇਨਰਾਂ ਤੋਂ 21 ਹਜ਼ਾਰ ਕਰੋੜ ਰੁਪਏ ਦ 2,988 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਜਿਸ ਦੇ ਕੁਝ ਮਹੀਨਿਆਂ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਖਬਿਰ ਦੀ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਏ.ਟੀ.ਐੱਸ. ਦੇ ਅਧਿਕਾਰੀਆਂ ਨੇ ਡੀ.ਆਰ.ਆਈ. ਦੇ ਲੋਕਾਂ ਨਾਲ ਕਾਂਡਲਾ ਬੰਦਰਗਾਹ ਕੋਲ ਇਕ ਕੰਟੇਨਰ ਸਟੇਸ਼ਨ 'ਤੇ ਛਾਪਾ ਮਾਰਿਆ। ਇਸ ਕਾਰਵਾਈ 'ਚ 260 ਕਿਲੋਗ੍ਰਾਮ ਹੈਰੋਇਨ ਮਿਲੀ। ਕੌਮਾਂਤਰੀ ਬਾਜ਼ਾਰ 'ਚ ਇਹ ਹੈਰੋਇਨ 5 ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ। ਇਸ ਤੋਂ ਪਹਿਲਾਂ ਸਤੰਬਰ 'ਚ ਗੁਜਰਾਤ 'ਚ ਕੱਛ ਦੇ ਮੁੰਦਰਾ ਬੰਦਰਗਾਹ 'ਤੇ ਹੈਰੋਇਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਸੀ। ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਅਫ਼ਗਾਨਿਸਤਾਨ ਤੋਂ ਆਯਾਤ ਕੀਤੇ ਗਏ 2 ਕੰਟੇਨਰਾਂ ਤੋਂ 3 ਹਜ਼ਾਰ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਕੌਮਾਂਤਰੀ ਬਾਜ਼ਾਰ 'ਚ ਇਸ ਦੀ ਕੀਮਤ 21 ਹਜ਼ਾਰ ਕਰੋੜ ਰੁਪਏ ਦੱਸੀ ਗਈ ਸੀ।


DIsha

Content Editor

Related News