2024 'ਚ ਵੀਜ਼ਾ ਅਰਜ਼ੀਆਂ 67 ਲੱਖ ਦੇ ਪਾਰ
Tuesday, Mar 04, 2025 - 04:14 PM (IST)

ਨਵੀਂ ਦਿੱਲੀ- ਵੀਜ਼ਾ ਸੋਰਸਿੰਗ ਅਤੇ ਤਕਨਾਲੋਜੀ ਸੇਵਾ ਪ੍ਰਦਾਤਾ VFS ਗਲੋਬਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੋਂ ਵੀਜ਼ਾ ਅਰਜ਼ੀਆਂ ਨੇ 2024 'ਚ ਪ੍ਰੀ-ਕੋਵਿਡ ਦੇ ਪੱਧਰ ਨੂੰ 4 ਫੀਸਦੀ ਤੱਕ ਪਾਰ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ 2019 'ਚ ਭਾਰਤ 'ਚ ਲਗਭਗ 65 ਲੱਖ ਵੀਜ਼ਾ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਇਹ ਗਿਣਤੀ ਪਿਛਲੇ ਸਾਲ ਤੱਕ ਇਸ ਅੰਕੜੇ ਤੱਕ ਨਹੀਂ ਪਹੁੰਚੀ ਸੀ, ਜਦੋਂ ਇਹ ਲਗਭਗ 67.6 ਲੱਖ ਨੂੰ ਛੂਹ ਗਈ ਸੀ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2024 'ਚ 3 ਕਰੋੜ ਤੋਂ ਵੱਧ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ, 2023 ਦੇ 2.8 ਕਰੋੜ ਨਾਲੋਂ 8.4 ਫ਼ੀਸਦੀ ਤੋਂ ਵੱਧ ਅਤੇ 2019 ਦੇ 2.7 ਕਰੋੜ ਨਾਲੋਂ 12.3 ਫ਼ੀਸਦੀ ਵੱਧ।
ਹਾਲਾਂਕਿ ਭਾਰਤ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿਚ ਅਜੇ ਵੀ ਸੁਧਾਰ ਹੋਣਾ ਬਾਕੀ ਹੈ। ਕੇਂਦਰੀ ਸੈਰ-ਸਪਾਟਾ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2024 ਵਿਚ ਲੱਗਭਗ 96.6 ਲੱਖ ਵਿਦੇਸ਼ੀ ਸੈਲਾਨੀ ਆਏ, ਜੋ 2023 ਦੇ 95.2 ਲੱਖ ਤੋਂ 1.4 ਫ਼ੀਸਦੀ ਵੱਧ ਹੈ ਪਰ ਫਿਰ ਵੀ 2019 ਦੇ 1.1 ਕਰੋੜ ਤੋਂ 11.6 ਫ਼ੀਸਦੀ ਘੱਟ ਹੈ। ਇਨਬਾਉਂਡ ਟੂਰ ਆਪਰੇਟਰ ਐਸੋਸੀਏਸ਼ਨ IATO ਦੇ ਪ੍ਰਧਾਨ ਰਾਜੀਵ ਮਹਿਰਾ ਨੇ ਦੱਸਿਆ ਕਿ ਅਸਲ 'ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ FTA ਸੰਖਿਆ ਦਾ ਸਿਰਫ਼ ਇਕ ਹਿੱਸਾ ਹੈ।
VFS ਨੇ ਕਿਹਾ ਕਿ ਪਿਛਲੇ ਸਾਲ ਭਾਰਤੀ ਯਾਤਰੀਆਂ ਲਈ ਪ੍ਰਸਿੱਧ ਸਥਾਨਾਂ ਵਿਚ ਕੈਨੇਡਾ, ਚੀਨ, ਫਰਾਂਸ, ਜਰਮਨੀ, ਇਟਲੀ, ਜਾਪਾਨ, ਨੀਦਰਲੈਂਡ, ਸਵਿਟਜ਼ਰਲੈਂਡ, ਸਾਊਦੀ ਅਰਬ, ਅਮਰੀਕਾ ਅਤੇ ਯੂਕੇ ਸ਼ਾਮਲ ਸਨ। VFS ਗਲੋਬਲ CEO ਯੁਮੀ ਤਲਵਾਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਯਾਤਰਾ ਲਈ ਮਜ਼ਬੂਤ ਮੰਗ ਦਿਖਾ ਰਿਹਾ ਹੈ ਅਤੇ ਇਹ ਸਪੱਸ਼ਟ ਹੈ ਕਿ ਇਹ ਮਜ਼ਬੂਤ ਗਤੀ 2025 ਵਿਚ ਵੀ ਕਾਇਮ ਰਹੇਗੀ।