ਸੋਪੋਰ ਤੋਂ 2 ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
Friday, Nov 14, 2025 - 05:48 AM (IST)
ਜੰਮੂ/ਸ਼੍ਰੀਨਗਰ (ਅਰੁਣ) - ਸੁਰੱਖਿਆ ਫੋਰਸਾਂ ਨੇ ਦੱਖਣੀ ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ ’ਚੋਂ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਸ਼ੱਕੀ ਲੋਕਾਂ ਦੀਆਂ ਗਤੀਵਿਧੀਆਂ ਸਬੰਧੀ ਹਾਸਲ ਹੋਈ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ, ਫੌਜ ਦੀ 22ਵੀਂ ਰਾਸ਼ਟਰੀ ਰਾਈਫਲਜ਼ (ਆਰ.ਆਰ.) ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ 179ਵੀਂ ਬਟਾਲੀਅਨ ਵੱਲੋਂ ਸੋਪੋਰ ਦੇ ਮੋਮਿਨਾਬਾਦ ਇਲਾਕੇ ’ਚ ਸਾਦਿਕ ਕਾਲੋਨੀ ’ਚ ਇਕ ਸਾਂਝੇ ਨਾਕੇ ’ਤੇ ਜਾਂਚ ਦੌਰਾਨ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ 2 ਲੋਕਾਂ, ਜੋ ਸੋਪੋਰ ਦੀ ਫਰੂਟ ਮੰਡੀ ਤੋਂ ਅਹਿਟ ਬਾਬਾ ਚੌਰਾਹੇ ਵੱਲ ਆ ਰਹੇ ਸਨ, ਨੇ ਸੁਰੱਖਿਆ ਫੋਰਸਾਂ ਦੀ ਮੌਜੂਦਗੀ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਇਕ ਸਾਂਝੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਸ਼ਬੀਰ ਅਹਿਮਦ ਨਾਜ਼ਰ ਨਿਵਾਸੀ ਮਾਜਬੁਘ ਅਤੇ ਸ਼ਬੀਰ ਅਹਿਮਦ ਮੀਰ ਨਿਵਾਸੀ ਬਰਾਥ ਵਜੋਂ ਹੋਈ ਹੈ। ਸੁਰੱਖਿਆ ਫੋਰਸਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ, ਇਕ ਮੈਗਜ਼ੀਨ, 20 ਜ਼ਿੰਦਾ ਕਾਰਤੂਸ ਅਤੇ 2 ਹੱਥਗੋਲਿਆਂ ਤੋਂ ਇਲਾਵਾ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
