ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਬਣੇ ਡਾਕਟਰ, YouTube ਤੋਂ ਸਿੱਖਿਆ ਧਮਾਕਾਖੇਜ਼ ਸਮੱਗਰੀ ਬਣਾਉਣਾ

Monday, Nov 24, 2025 - 10:30 AM (IST)

ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਬਣੇ ਡਾਕਟਰ, YouTube ਤੋਂ ਸਿੱਖਿਆ ਧਮਾਕਾਖੇਜ਼ ਸਮੱਗਰੀ ਬਣਾਉਣਾ

ਨੈਸ਼ਨਲ ਡੈਸਕ  : ਲਾਲ ਕਿਲੇ ਦੇ ਕੋਲ 10 ਨਵੰਬਰ ਨੂੰ ਚੱਲਦੀ ਕਾਰ ’ਚ ਹੋਏ ਧਮਾਕੇ ਨਾਲ ਸਾਹਮਣੇ ਆਏ ‘ਸਫੈਦਪੋਸ਼’ ਅੱਤਵਾਦੀ ਮਾਡਿਊਲ ’ਚ ਸ਼ਾਮਲ ਡਾਕਟਰਾਂ ਦਾ ਕੱਟੜਪੰਥ ਵੱਲ ਝੁਕਾਅ 2019 ਤੋਂ ਹੀ ਸੋਸ਼ਲ ਮੀਡੀਆ ਮੰਚ ਰਾਹੀਂ ਸ਼ੁਰੂ ਹੋ ਗਿਆ ਸੀ। ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਸਰਹੱਦ ਪਾਰ ਅੱਤਵਾਦ ਦੀ ਰਣਨੀਤੀ ’ਚ ਅਜਿਹੇ ਬਦਲਾਅ ਦਾ ਸੰਕੇਤ ਮਿਲਿਆ ਹੈ, ਜੋ ਕਾਫ਼ੀ ਚਿੰਤਾਜਨਕ ਹੈ।

ਉਨ੍ਹਾਂ ਦੱਸਿਆ ਕਿ ਇਸ ਰਣਨੀਤੀ ਤਹਿਤ ਪਾਕਿਸਤਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਬੈਠੇ ਅੱਤਵਾਦੀ ਆਕਿਆਂ ਵੱਲੋਂ ਉੱਚ ਸਿੱਖਿਅਤ ਪੇਸ਼ੇਵਰਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਮਾਧਿਅਮਾਂ ਦਾ ਸਹਾਰਾ ਲੈ ਕੇ ਅੱਤਵਾਦੀ ਸਰਗਰਮੀਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਮਾਡਿਊਲ ਦੇ ਮੈਂਬਰਾਂ, ਜਿਨ੍ਹਾਂ ’ਚ ਡਾ. ਮੁਜੰਮਿਲ ਗਨਈ, ਡਾ. ਅਦੀਲ ਰਾਠੇਰ, ਡਾ. ਮੁਜ਼ੱਫਰ ਰਾਠੇਰ ਅਤੇ ਡਾ. ਉਮਰ-ਉਨ-ਨਬੀ ਸ਼ਾਮਲ ਸਨ, ਨੂੰ ਸ਼ੁਰੂ ’ਚ ਸਰਹੱਦ ਪਾਰ ਦੇ ਆਕਿਆਂ ਨੇ ਫੇਸਬੁੱਕ ਅਤੇ ‘ਐਕਸ’ ਵਰਗੇ ਸੋਸ਼ਲ ਮੀਡੀਆ ਮੰਚਾਂ ’ਤੇ ਸਰਗਰਮ ਪਾਇਆ ਸੀ।

ਉਨ੍ਹਾਂ ਦੱਸਿਆ ਕਿ ਅਜਿਹੇ ਲੋਕਾਂ ਨੂੰ ਤੁਰੰਤ ਟੈਲੀਗ੍ਰਾਮ ’ਤੇ ਨਿੱਜੀ ਗਰੁੱਪ ’ਚ ਜੋੜਿਆ ਗਿਆ ਅਤੇ ਇੱਥੋਂ ਉਨ੍ਹਾਂ ਨੂੰ ਵਰਗਲਾਉਣਾ ਸ਼ੁਰੂ ਕੀਤਾ ਗਿਆ। ਅੱਤਵਾਦੀ ਮਾਡਿਊਲ ਦੇ ਮੈਂਬਰਾਂ ਨੇ ਹਮਲਿਆਂ ਨੂੰ ਅੰਜਾਮ ਦੇਣ ਲਈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਣਾਉਣ ਦਾ ਤਰੀਕਾ ਸਿੱਖਣ ਲਈ ਯੂ-ਟਿਊਬ ਦੀ ਵੀ ਖੂਬ ਵਰਤੋਂ ਕੀਤੀ। ਪੁੱਛਗਿੱਛ ਦੌਰਾਨ ਵਿਸ਼ਲੇਸ਼ਣ ਕੀਤੇ ਗਏ ‘ਡਿਜੀਟਲ ਫੁੱਟਪ੍ਰਿੰਟ’ ਤੋਂ ਪਤਾ ਲੱਗਾ ਕਿ ਇਨ੍ਹਾਂ ਦੇ ਮੁੱਖ ਸੰਚਾਲਕ ਉਕਾਸਾ, ਫੈਜਾਨ ਅਤੇ ਹਾਸ਼ਮੀ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੇ ਭਾਰਤ ਦੇ ਬਾਹਰੋਂ ਆਪਣੀਆਂ ਸਰਗਰਮੀਆਂ ਚਲਾ ਰਹੇ ਸਨ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੈੱਟਵਰਕ ਨਾਲ ਜੁਡ਼ੀਆਂ ਜਾਣਕਾਰੀਆਂ ’ਚ ਅਕਸਰ ਇਨ੍ਹਾਂ ਦੇ ਨਾਂ ਸਾਹਮਣੇ ਆਉਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਰਤੀ ਕੀਤੇ ਗਏ ਡਾਕਟਰਾਂ ਨੇ ਸ਼ੁਰੂ ’ਚ ਸੀਰੀਆ ਜਾਂ ਅਫਗਾਨਿਸਤਾਨ ਵਰਗੇ ਸੰਘਰਸ਼ ਖੇਤਰਾਂ ’ਚ ਅੱਤਵਾਦੀ ਸਮੂਹਾਂ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ ਪਰ ਬਾਅਦ ’ਚ ਉਨ੍ਹਾਂ ਦੇ ਆਕਿਆਂ ਨੇ ਉਨ੍ਹਾਂ ਨੂੰ ਭਾਰਤ ’ਚ ਹੀ ਰਹਿਣ ਅਤੇ ਅੰਦਰੂਨੀ ਇਲਾਕਿਆਂ ’ਚ ਕਈ ਧਮਾਕੇ ਕਰਨ ਲਈ ਕਿਹਾ।
 


author

Shubam Kumar

Content Editor

Related News