ਜਨਤਾ ਲਈ ਖੁੱਲ੍ਹੇਗਾ 186 ਸਾਲ ਪੁਰਾਣਾ 'ਰਾਸ਼ਟਰਪਤੀ ਆਸ਼ਿਆਨਾ', ਵੇਖੋ ਖੂਬਸੂਰਤ ਤਸਵੀਰਾਂ
Sunday, Nov 24, 2024 - 10:36 AM (IST)
ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ 'ਚ ਰਾਜਪੁਰ ਰੋਡ 'ਤੇ ਸਥਿਤ ਇਤਿਹਾਸਕ ਰਾਸ਼ਟਰਪਤੀ ਆਸ਼ਿਆਨਾ ਆਗਾਮੀ ਅਪ੍ਰੈਲ ਮਹੀਨੇ ਤੋਂ ਆਮ ਜਨਤਾ ਲਈ ਖੁੱਲ੍ਹ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਿਰਦੇਸ਼ਾਂ 'ਤੇ ਸ਼ਨੀਵਾਰ ਨੂੰ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀਆਂ ਨੇ ਦੇਹਰਾਦੂਨ 'ਚ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਆਸ਼ਿਆਨਾ 'ਚ ਜਨਤਾ ਲਈ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੁਰਮੂ ਦੇ ਨਿਰਦੇਸ਼ਾਂ 'ਤੇ ਹੁਣ ਦੇਹਰਾਦੂਨ ਸਥਿਤ 186 ਸਾਲ ਪੁਰਾਣੇ ਰਾਸ਼ਟਰਪਤੀ ਆਸ਼ਿਆਨਾ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। 21 ਏਕੜ ਰਕਬੇ 'ਚ ਫੈਲਿਆ ਇਹ ਕੰਪਲੈਕਸ ਮੌਜੂਦਾ ਸਮੇਂ ਵਿਚ ਰਾਸ਼ਟਰਪਤੀ ਦੇ ਬਾਡੀ ਗਾਰਡ (ਪੀ. ਬੀ. ਜੀ.) ਵਲੋਂ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ
ਕੰਪਲੈਕਸ ਨੂੰ ਆਮ ਜਨਤਾ ਲਈ ਖੋਲ੍ਹਣ ਤੋਂ ਪਹਿਲਾਂ ਲੋੜੀਂਦੀਆਂ ਤਿਆਰੀਆਂ ਲਈ ਆਸ਼ਿਆਨਾ ਕੰਪਲੈਕਸ ਸਥਿਤ ਰਾਸ਼ਟਰਪਤੀ ਸਕੱਤਰੇਤ ਵਿਖੇ ਵਧੀਕ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਸ਼ਨੀਵਾਰ ਨੂੰ ਉੱਤਰਾਖੰਡ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਆਮ ਲੋਕ ਕੈਂਪਸ ਦੀ ਮੁੱਖ ਇਮਾਰਤ ਵਿਚ ਦਾਖਲ ਹੋ ਸਕਣਗੇ। ਰਾਸ਼ਟਰਪਤੀ ਆਸ਼ਿਆਨਾ ਦੇ ਨਾਲ-ਨਾਲ ਲੋਕਾਂ ਨੂੰ ਭਾਰਤੀ ਫੌਜ ਦੀ 251 ਸਾਲ ਪੁਰਾਣੀ ਰੈਜੀਮੈਂਟ, ਪੀ. ਬੀ. ਜੀ ਅਤੇ ਇਸ ਦੇ 186 ਸਾਲ ਪੁਰਾਣੇ ਤਬੇਲੇ ਦੇ ਇਤਿਹਾਸ ਤੋਂ ਜਾਣੂ ਹੋਣ ਦਾ ਮੌਕਾ ਵੀ ਮਿਲੇਗਾ। ਸੈਰ ਦੌਰਾਨ ਲੋਕ ਕੈਂਪਸ ਦੇ ਖੂਬਸੂਰਤ ਬਗੀਚੇ ਅਤੇ ਕੈਫੇਟੇਰੀਆ ਦਾ ਵੀ ਆਨੰਦ ਲੈ ਸਕਣਗੇ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ
ਮੀਟਿੰਗ ਵਿਚ ਕੰਪਲੈਕਸ ਨੂੰ ਆਮ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਬਿਜਲੀ, ਪਾਣੀ ਅਤੇ ਪਾਰਕਿੰਗ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਮੀਟਿੰਗ ਵਿਚ ਪੀ. ਬੀ. ਜੀ ਦੇ ਸੀ. ਓ. ਕਰਨਲ ਅਮਿਤ ਬੇਰਵਾਲ, ਓ. ਐਸ. ਡੀ ਸਵਾਤੀ ਸ਼ਾਹੀ ਦੇ ਨਾਲ ਉੱਤਰਾਖੰਡ ਸਰਕਾਰ ਦੇ ਸਕੱਤਰ ਸ਼ੈਲੇਸ਼ ਬਗੋਲੀ, ਸਚਿਨ ਕੁਰਵੇ, ਪੰਕਜ ਕੁਮਾਰ ਪਾਂਡੇ, ਦੇਹਰਾਦੂਨ ਜ਼ਿਲ੍ਹਾ ਮੈਜਿਸਟਰੇਟ (ਡੀ.ਐਮ) ਸਵਿਨ ਬਾਂਸਲ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਨਿਰਦੇਸ਼ਾਂ 'ਤੇ ਹੈਦਰਾਬਾਦ 'ਚ ਰਾਸ਼ਟਰਪਤੀ ਨਿਲਾਇਮ ਅਤੇ ਮਸ਼ਹੋਬਰਾ 'ਚ ਰਾਸ਼ਟਰਪਤੀ ਨਿਵਾਸ ਨੂੰ ਵੀ ਆਮ ਜਨਤਾ ਲਈ ਖੋਲ੍ਹਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਇਤਰਾਜ਼ਯੋਗ ਵੀਡੀਓ ਵਾਲੇ Ex-MLA ਦਾ ਕਾਰਾ, 62 ਦੀ ਉਮਰ 'ਚ ਕਰਵਾਇਆ 31 ਸਾਲਾ ਕੁੜੀ ਨਾਲ ਵਿਆਹ