ਸਿਰਫ਼ 11 ਦਿਨਾਂ ''ਚ ਦਿੱਲੀ ਪੁਲਸ ਦੇ 1700 ਜਵਾਨ ਹੋਏ ਕੋਰੋਨਾ ਪਾਜ਼ੇਟਿਵ

Wednesday, Jan 12, 2022 - 06:25 PM (IST)

ਸਿਰਫ਼ 11 ਦਿਨਾਂ ''ਚ ਦਿੱਲੀ ਪੁਲਸ ਦੇ 1700 ਜਵਾਨ ਹੋਏ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ 1700 ਤੋਂ ਵੱਧ ਕਰਮੀ ਇਕ ਜਨਵਰੀ ਦੇ ਬਾਅਦ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਬੂਸਟਰ ਖ਼ੁਰਾਕ ਦੇਣ ਲਈ ਪੁਲਸ ਹੈੱਡ ਕੁਆਰਟਰ 'ਚ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਕ ਜਨਵਰੀ ਤੋਂ 12 ਜਨਵਰੀ ਦਰਮਿਆਨ 1700 ਤੋਂ ਵੱਧ ਪੁਲਸ ਕਰਮੀ ਪੀੜਤ ਪਾਏ ਗਏ ਹਨ। ਸਾਰਿਆਂ ਦੀ ਹਾਲਤ ਠੀਕ ਹੈ ਅਤੇ ਏਕਾਂਤਵਾਸ 'ਚ ਹਨ। ਠੀਕ ਹੋਣ ਦੇ ਬਾਅਦ ਉਹ ਡਿਊਟੀ 'ਤੇ ਆਉਣਗੇ।'' ਦਿੱਲੀ ਪੁਲਸ 'ਚ 80 ਹਜ਼ਾਰ ਤੋਂ ਵੱਧ ਕਰਮੀ ਹਨ। ਉਨ੍ਹਾਂ ਦੱਸਿਆ ਕਿ ਜੈ ਸਿੰਘ ਮਾਰਗ 'ਤੇ ਸਥਿਤ ਪੁਲਸ ਹੈੱਡ ਕੁਆਰਟਰ 'ਚ ਕੰਮ ਕਰਨ ਵਾਲੇ ਕਰਮੀਆਂ ਲਈ ਚੌਕਸੀ ਵਜੋਂ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ, ਜਿੱਥੇ ਯੋਗ ਕਰਮੀਆਂ ਨੂੰ ਬੂਸਟਰ ਖੁਰਾਕ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦਾ ਟਵਿੱਟਰ ਅਕਾਊਂਟ ਹੋਇਆ ਹੈੱਕ, ਬਾਅਦ 'ਚ ਕੀਤਾ ਰਿਸਟੋਰ

ਵਿਸ਼ੇਸ਼ ਪੁਲਸ ਕਮਿਸ਼ਨਰ (ਕਲਿਆਣ) ਸ਼ਾਲਿਨੀ ਸਿੰਘ ਨੇ ਕਿਹਾ,''ਪੀ.ਐੱਚ.ਕਿਊ. ਦੇ ਗਰਾਊਂਡ 'ਤੇ ਅਫ਼ਸਰ ਲਾਊਂਜ 'ਚ 11.30 ਵਜੇ ਕੋਰੋਨਾ ਟੀਕੇ ਦੀ ਬੂਸਟਰ ਡੋਜ਼ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਪਹਿਲ ਇਸ ਲਈ ਕੀਤੀ ਗਈ ਹੈ ਤਾਂ ਕਿ ਸਾਡੇ ਹੈੱਡ ਕੁਆਰਟਰ 'ਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਕੰਮ ਮਿਆਦ ਦੌਰਾਨ ਬੂਸਟਰ ਖ਼ੁਰਾਕ ਲੈਣ ਲਈ ਬਾਹਰ ਨਾ ਜਾਣਾ ਪਵੇ।'' ਉਨ੍ਹਾਂ ਕਿਹਾ,''ਸਿਰਫ਼ ਉਨ੍ਹਾਂ ਯੋਗ ਪੁਲਸ ਕਰਮੀਆਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ, ਜਿਨ੍ਹਾਂ ਨੇ ਟੀਕੇ ਦੀ ਦੂਜੀ ਖ਼ੁਰਾਕ 9 ਮਹੀਨੇ ਪਹਿਲਾਂ ਲਈ ਸੀ।'' ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲ੍ਹਿਆਂ ਅਤੇ ਹੋਰ ਇਕਾਈਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਬੈਠਕ 'ਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਖ਼ੁਦ ਦਾ ਧਿਆਨ ਰੱਖਣ ਅਤੇ ਮਾਨਕ ਸੰਚਾਲਣ ਪ੍ਰਕਿਰਿਆ (ਐੱਸ.ਓ.ਪੀ.) ਨੂੰ ਅਪਣਾਉਣ ਤਾਂ ਕਿ ਕੋਰੋਨਾ ਵਾਇਰਸ ਤੋਂ ਬਚ ਸਕਣ।

ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ਮਾਮਲਾ : SC ਦੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਅਗਵਾਈ 'ਚ ਕਮੇਟੀ ਕਰੇਗੀ ਜਾਂਚ 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News