153 ਨਕਲੀ ਸੋਨੇ ਦੇ ਬਿਸਕੁਟਾਂ ਸਮੇਤ 3 ਗ੍ਰਿਫਤਾਰ
Friday, Sep 13, 2024 - 05:10 AM (IST)
ਜੰਮੂ/ਸ਼੍ਰੀਨਗਰ (ਅਰੁਣ) - ਕੁਪਵਾੜਾ ਪੁਲਸ ਨੇ ਵੱਡੇ ਪੱਧਰ ’ਤੇ ਚੱਲ ਰਹੇ ਨਕਲੀ ਸੋਨੇ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦੇ ਹੋਏ 3 ਮੁੱਖ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 153 ਨਕਲੀ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ।
ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਜ਼ਿਲਾ ਕੁਪਵਾੜਾ ਦੇ ਲਾਲਪੋਰਾ ਪੁਲਸ ਥਾਣੇ ਦੇ ਮੁਖੀ ਦੀ ਅਗਵਾਈ ਹੇਠ ਪੁਲਸ ਟੀਮ ਨੇ ਬਸ਼ੀਰ ਅਹਿਮਦ, ਰਿਆਜ਼ ਅਹਿਮਦ ਅਤੇ ਨੂਰ ਮੁਹੰਮਦ ਤਿੰਨੇ ਨਿਵਾਸੀ ਦੇਵਰ ਲੋਲਾਬ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਗ਼ੈਰ-ਕਾਨੂੰਨੀ ਕਾਰੋਬਾਰ ’ਚ ਆਪਣੀ ਸ਼ਮੂਲੀਅਤ ਕਬੂਲ ਕੀਤੀ।
ਪੁਲਸ ਅਨੁਸਾਰ ਬਰਾਮਦ ਕੀਤੇ ਗਏ ਨਕਲੀ ਸੋਨੇ ਦੇ ਬਿਸਕੁਟਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਜਾਂਚ ਦੇ ਅੱਗੇ ਵਧਣ ’ਤੇ ਇਸ ਸਬੰਧ ’ਚ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।