ਦੱਖਣੀ ਅਫਰੀਕਾ ਤੋਂ ਅਗਲੇ ਮਹੀਨੇ 12 ਚੀਤੇ ਲਿਆਂਦੇ ਜਾਣਗੇ ਭਾਰਤ
Saturday, Jan 28, 2023 - 12:20 PM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ 12 ਚੀਤਿਆਂ ਨੂੰ ਤਬਦੀਲ ਕਰਨ ਲਈ ਦੱਖਣੀ ਅਫਰੀਕਾ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਵਾਤਾਵਰਣ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਸਮਝੌਤੇ ’ਤੇ ਪਿਛਲੇ ਹਫਤੇ ਹਸਤਾਖਰ ਕੀਤੇ ਗਏ ਸਨ। ਸੱਤ ਨਰ ਅਤੇ ਪੰਜ ਮਾਦਾ ਚੀਤਿਆਂ ਦੇ 15 ਫਰਵਰੀ ਤੱਕ ਕੁਨੋ ਪਹੁੰਚਣ ਦੀ ਉਮੀਦ ਹੈ। ਦੱਖਣੀ ਅਫਰੀਕਾ ਦੇ ਵਾਤਾਵਰਣ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਇਕ ਦਹਾਕੇ ਤੱਕ ਹਰ ਸਾਲ 12-12 ਚੀਤੇ ਭੇਜਣ ਦੀ ਯੋਜਨਾ ਹੈ। ਭਾਰਤ ਨੇ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ।
ਭਾਰਤ ਭੇਜੇ ਜਾਣ ਵਾਲੇ ਇਨ੍ਹਾਂ 12 ਚੀਤਿਆਂ ਵਿੱਚੋਂ 3 ਨੂੰ ਅਜੇ ਕਵਾਜ਼ੁਲੂ-ਨਟਾਲ ਸੂਬੇ ਦੇ ਫਿੰਡਾ ਕੁਆਰੰਟੀਨ ਬੋਮਾ ਵਿੱਚ ਅਤੇ 9 ਨੂੰ ਲਿਮਪੋਪੋ ਸੂਬੇ ਦੇ ਰੋਇਬਰਗ ਕੁਆਰੰਟੀਨ ਬੋਮਾ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਲਿਆਉਣ ਵਾਲਾ ਜਹਾਜ਼ ਜੋਹਾਨਸਬਰਗ ਹਵਾਈ ਅੱਡੇ ਤੋਂ ਉਡਾਣ ਭਰੇਗਾ।