11 ਸਾਲ ਦੀ ਗੈਂਗਰੇਪ ਪੀੜਤਾ ਨੇ ਦਿੱਤਾ ਬੱਚੇ ਨੂੰ ਜਨਮ
Thursday, Sep 22, 2022 - 01:26 PM (IST)
ਓਨਾਵ (ਵਾਰਤਾ)- ਓਨਾਵ ਦੇ ਜ਼ਿਲ੍ਹਾ ਹਸਪਤਾਲ 'ਚ 11 ਸਾਲਾ ਜਬਰ ਜ਼ਿਨਾਹ ਪੀੜਤਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਹਸਪਤਾਲ ਦੇ ਐੱਨ.ਆਈ.ਸੀ.ਯੂ. 'ਚ ਬੱਚੇ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸ਼ੁਰੂ 'ਚ ਸੀ.ਐੱਚ.ਸੀ. 'ਚ ਪੁਲਸ ਅਤੇ ਮੈਡੀਕਲ ਸਟਾਫ ਨੂੰ ਭਰੋਸਾ ਨਹੀਂ ਹੋਇਆ ਕਿ ਕੁੜੀ ਗਰਭਵਤੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਲੱਗਾ ਕਿ ਉਸ ਦਾ ਢਿੱਡ ਫੂਲਿਆ ਹੋਇਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸੰਜੇ ਮਿਸ਼ਰਾ ਨੇ ਦੱਸਿਆ ਕਿ ਜਬਰ ਜ਼ਿਨਾਹ ਪੀੜਤਾ ਨੂੰ ਦਰਦ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ,''ਪੀੜਤਾ ਦੀ ਨਾਰਮਲ ਡਿਲਿਵਰੀ ਹੋਈ ਅਤੇ ਬੱਚੇ ਦਾ ਭਾਰ 2.06 ਕਿਲੋਗ੍ਰਾਮ ਹੈ। ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।'' ਪਰਿਵਾਰ ਦੇ ਨਿਯਮਿਤ ਸੰਪਰਕ 'ਚ ਰਹਿਣ ਵਾਲੀ ਸੀ.ਡਬਲਿਊ.ਸੀ. ਚੇਅਰਪਰਸਨ ਪ੍ਰੀਤੀ ਸਿੰਘ ਨੇ ਕਿਹਾ ਕਿ ਸ਼ੁਰੂ 'ਚ ਬੱਚੇ ਨੂੰ ਸਾਹ ਲੈਣ 'ਚ ਪਰੇਸ਼ਾਨੀ ਸੀ। ਉਨ੍ਹਾਂ ਕਿਹਾ,''ਬੱਚੇ ਨੂੰ ਹਸਪਤਾਲ ਦੇ ਐੱਨ.ਆਈ.ਸੀ.ਯੂ. 'ਚ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਸਥਿਤੀ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।''
ਪੀੜਤਾ ਨੂੰ ਜਨਵਰੀ 'ਚ ਅਗਵਾ ਕਰ ਲਿਆ ਗਿਆ ਸੀ, ਜਦੋਂ ਉਹ ਖੰਡ ਖਰੀਦਣ ਲਈ ਇਕ ਸਥਾਨਕ ਦੁਕਾਨ 'ਤੇ ਗਈ ਸੀ। ਤਿੰਨ ਲੋਕਾਂ ਨੇ ਉਸ ਦਾ ਚਿਹਰਾ ਢੱਕ ਦਿੱਤਾ ਅਤੇ ਉਸ ਨੂੰ ਇਕ ਕਬਰਸਤਾਨ 'ਚ ਲੈ ਗਏ, ਜਿੱਥੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਦੀ ਸ਼ਿਕਾਇਤ 'ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ.ਪੀ. ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਪਰਿਵਾਰ ਨੇ ਫਰਵਰੀ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਮੈਜਿਸਟ੍ਰੇਟ ਦੇ ਸਾਹਮਣੇ ਦਰਜ ਬਿਆਨ ਦੌਰਾਨ ਕੁੜੀ ਦੇ ਪਿਤਾ ਨੇ ਕਿਹਾ ਸੀ ਕਿ ਉਹ ਨਾਵਾਂ ਦੇ ਖੁਲਾਸਾ ਬਾਅਦ 'ਚ ਕਰਾਂਗੇ। ਉਨ੍ਹਾਂ ਵਲੋਂ ਦੱਸੇ ਗਏ ਨਾਵਾਂ ਦੇ ਆਧਾਰ 'ਤੇ, ਜਬਰ ਜ਼ਿਨਾਹ ਦੇ ਦੋਸ਼ 'ਚ ਅਤੇ ਪੋਕਸੋ ਦੇ ਪ੍ਰਬੰਧਾਂ ਦੇ ਅਧੀਨ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੋਸ਼ੀ ਖ਼ਿਲਾਫ਼ ਗੈਂਗਸਟਰ ਐਕਟ ਵੀ ਲਗਾਇਆ। ਉਨ੍ਹਾਂ ਕਿਹਾ,''ਪਰਿਵਾਰ ਨੇ 2 ਹੋਰ ਲੋਕਾਂ ਦੇ ਨਾਂ ਦੱਸੇ ਹਨ, ਇਹ ਕਹਿੰਦੇ ਹਨ ਕਿ ਉਹ ਵੀ ਅਪਰਾਧ 'ਚ ਸ਼ਾਮਲ ਸਨ।'' ਐੱਸ.ਪੀ. ਨੇ ਕਿਹਾ,''ਅਸੀਂ ਇਨ੍ਹਾਂ ਨਾਵਾਂ ਨੂੰ ਅਦਾਲਤ ਦੇ ਸਾਹਮਣੇ ਰੱਖਾਂਗੇ ਅਤੇ ਇਨ੍ਹਾਂ ਦੀ ਜਾਂਚ ਦੀ ਮਨਜ਼ੂਰੀ ਮੰਗਾਂਗੇ। ਮਾਮਲੇ ਪਹਿਲਾਂ ਤੋਂ ਹੀ ਪੋਕਸੋ ਅਦਾਲਤ 'ਚ ਚੱਲ ਰਿਹਾ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ