ਬਿਹਾਰ 'ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
Saturday, Mar 07, 2020 - 09:19 AM (IST)
ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ 'ਚ ਸ਼ਨੀਵਾਰ ਸਵੇਰੇ ਤਕਰੀਬਨ 5 ਵਜੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ। ਇੱਥੋਂ ਦੇ ਕਾਂਟੀ ਥਾਣਾ ਖੇਤਰ ਦੇ ਸਮਰਸਪੁਰ ਪਿੰਡ ਕੋਲ ਨੈਸ਼ਨਲ ਹਾਈਵੇਅ 28 'ਚ ਟਰੈਕਟਰ ਅਤੇ ਸਕੋਰਪੀਓ 'ਚ ਜ਼ੋਰਦਾਰ ਟੱਕਰ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਕੀਤੀ ਜਾ ਸਕੀ। ਸਕੋਰਪੀਓ 'ਚ 14 ਲੋਕ ਸਵਾਰ ਸਨ ਅਤੇ ਗੱਡੀ ਉੱਤਰ ਪ੍ਰਦੇਸ਼ ਦੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ 11 ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਹਾਦਸੇ ਕਾਰਨ ਨੈਸ਼ਨਲ ਹਾਈਵੇਅ 'ਚ ਭਿਆਨਕ ਜਾਮ ਲੱਗ ਗਿਆ ਹੈ। ਪੁਲਸ ਘਟਨਾ ਵਾਲੇ ਸਥਾਨ 'ਤੇ ਪੁੱਜ ਗਈ ਹੈ ਤੇ ਇਸ ਦੀ ਜਾਂਚ ਕਰ ਰਹੀ ਹੈ।
ਹਾਦਸੇ ਮਗਰੋਂ ਥਾਣੇ ਦੇ ਸੀ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਤਕਰੀਬਨ 5 ਵਜੇ ਇਸ ਹਾਦਸੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ। ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।'' ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ 'ਚ ਬੱਚੇ ਵੀ ਸ਼ਾਮਲ ਹਨ। ਅਜੇ ਇਹ ਨਹੀਂ ਪਤਾ ਲੱਗਾ ਕਿ ਇਹ ਲੋਕ ਕਿੱਥੋਂ ਆ ਰਹੇ ਸਨ।