ਨਸ਼ਿਆਂ ਨੇ ਖਾ ਲਈ ਜਵਾਨੀ! ਨਸ਼ੇ ਦੀ ਓਵਰਡੋਜ਼ ਨਾਲ 11 ਮੌਤਾਂ

Wednesday, Sep 04, 2024 - 11:47 AM (IST)

ਨਸ਼ਿਆਂ ਨੇ ਖਾ ਲਈ ਜਵਾਨੀ! ਨਸ਼ੇ ਦੀ ਓਵਰਡੋਜ਼ ਨਾਲ 11 ਮੌਤਾਂ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬੀਤੇ ਡੇਢ ਸਾਲ ਦੇ ਅੰਦਰ ਨਸ਼ੇ ਦੀ ਓਵਰਡੋਜ਼ ਕਾਰਨ 11 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰੀ ਦੇ 2,947 ਮਾਮਲੇ ਦਰਜ ਹੋਏ ਹਨ। ਵਿਧਾਇਕ ਦੀਪ ਰਾਜ ਅਤੇ ਮਲਿੰਦਰ ਰਾਜਨ ਵਲੋਂ ਪੁੱਛੇ ਗਏ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਦਨ ਵਿਚ ਲਿਖਤੀ ਜਾਣਕਾਰੀ ਦਿੱਤੀ। ਵਿਧਾਇਕਾਂ ਦਾ ਪ੍ਰਸ਼ਨ ਸੀ ਕਿ ਬੀਤੇ ਡੇਢ ਸਾਲਾਂ ਤੋਂ ਬੀਤੀ 31 ਜੁਲਾਈ ਤੱਕ ਚਿੱਟਾ ਅਤੇ ਹੋਰ ਨਸ਼ਾ ਤਸਕਰਾਂ ਦੇ ਕਿੰਨੇ ਮਾਮਲੇ ਦਰਜ ਹੋਏ ਹਨ ਅਤੇ ਉਨ੍ਹਾਂ 'ਤੇ ਕੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਇਸ ਦੇ ਲਿਖਤੀ ਜਵਾਬ ਵਿਚ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਨਸ਼ਾ ਤਸਕਰੀ ਖਿਲਾਫ਼ ਬਣੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਹਿਮਾਚਲ ਸਰਕਾਰ ਵਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।

ਨਾਰਕੋਟਿਕਸ ਡਰੱਗ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਹਰ ਪੁਲਸ ਥਾਣੇ ਵਿਚ ਇਕ ਵੱਖਰਾ ਰਜਿਸਟਰ ਤਿਆਰ ਕੀਤਾ ਗਿਆ ਹੈ, ਜਿਸ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀਆਂ ਦਾ ਪੂਰਾ ਬਿਓਰਾ ਰੱਖਿਆ ਜਾਂਦਾ ਹੈ। ਜੋ ਅਪਰਾਧੀ ਜੇਲ੍ਹ ਤੋਂ ਸਜ਼ਾ ਕੱਟ ਕੇ ਆਉਂਦੇ ਹਨ, ਉਨ੍ਹਾਂ 'ਤੇ ਵੀ ਨਿਗਰਾਨੀ ਰੱਖੀ ਜਾਂਦੀ ਹੈ। ਨਸ਼ਾ ਤਸਕਰੀ ਤੋਂ ਬਣਾਈ ਗਈ ਗੈਰ-ਕਾਨੂੰਨੀ ਸੰਪਤੀ ਨੂੰ ਵੀ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਜ਼ਬਤ ਕੀਤਾ ਜਾ ਰਿਹਾ ਹੈ। ਪੁਲਸ ਵਲੋਂ ਸਮਾਜ ਵਿਚ ਅਤੇ ਖ਼ਾਸ ਕਰ ਕੇ ਨੌਜਵਾਨਾਂ ਵਿਚਾਲੇ ਨਸ਼ੇ ਖਿਲਾਫ਼ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 

ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦੇਣ ਲਈ ਟੋਲ ਫਰੀ ਨੰਬਰ 1908 ਸ਼ੁਰੂ ਕੀਤਾ ਗਿਆ ਹੈ, ਜਿਸ 'ਤੇ ਕੋਈ ਵੀ ਵਿਅਕਤੀ ਕਦੇ ਵੀ ਗੈਰ-ਕਾਨੂੰਨੀ ਤਸਕਰੀ ਦੀ ਸੂਚਨਾ ਦੇ ਸਕਦਾ ਹੈ। ਇਸ ਦੇ ਨਾਲ ਹੀ ਨਸ਼ੇ ਦੇ ਫੈਲਦੇ ਜਾਲ ਨੂੰ ਰੋਕਣ ਲਈ ਨਸ਼ਾ ਮੁਕਤ ਹਿਮਾਚਲ ਮੋਬਾਈਲ ਡਰੱਗ ਫਰੀ ਐਪ ਨੂੰ ਸ਼ੁਰੂ ਕੀਤਾ ਗਿਆ, ਜਿਸ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਲਿਖਤੀ ਜਾਣਕਾਰੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਬੀਤੇ ਡੇਢ ਸਾਲਾਂ ਵਿਚ ਨਸ਼ਾ ਤਸਕਰੀ ਦੇ 7 ਮਾਮਲਿਆਂ ਵਿਚ 11 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। 


author

Tanu

Content Editor

Related News