ਘਪਲਿਆਂ ਤੋਂ ਪੈਸਾ ਬਣਾਉਣ ਵਾਲੇ ਪਰਿਵਾਰਾਂ ਦੀਆਂ ਪਾਰਟੀਆਂ ਦਾ ਗੱਠਜੋੜ ਹੈ ‘ਇੰਡੀਆ’ : ਸ਼ਾਹ

Tuesday, Feb 27, 2024 - 12:22 PM (IST)

ਸਿਲਵਾਸਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਵਿਰੋਧੀ ‘ਇੰਡੀਆ’ ਗੱਠਜੋੜ 7 ਪਰਿਵਾਰਾਂ ਵੱਲੋਂ ਸੰਚਾਲਿਤ ਪਾਰਟੀਆਂ ਦਾ ਇਕ ਅਜਿਹਾ ਗੱਠਜੋੜ ਹੈ, ਜਿਨ੍ਹਾਂ ਨੇ ਘਪਲਿਆਂ ਦੇ ਪੈਸਿਆਂ ਨਾਲ ਆਪਣੀਆਂ ਜੇਬਾਂ ਭਰੀਆਂ ਅਤੇ ਸਿਰਫ਼ ਆਪਣੇ ਰਿਸ਼ਤੇਦਾਰਾਂ ਲਈ ਹੀ ਕੰਮ ਕੀਤਾ। ਸ਼ਾਹ ਨੇ ਕਿਹਾ ਕਿ ਇਹ ਲੋਕਾਂ ਨੂੰ ਫੈਸਲਾ ਕਰਨਾ ਹੈ ਕਿ ਉਹ ਦੇਸ਼ਭਗਤੀ ’ਚ ਰੰਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚਾਹੁੰਦੇ ਹਨ ਜਾਂ ‘ਇੰਡੀਆ’ ਗੱਠਜੋੜ ਦੀ ਜਿਸ ਨੇ 12 ਲੱਖ ਕਰੋੜ ਰੁਪਏ ਦਾ ਘਪਲਾ ਕੀਤਾ ਹੈ।
ਸ਼ਾਹ ਕੇਂਦਰ ਸ਼ਾਸਤ ਪ੍ਰਦੇਸ਼ ਦਮਨ, ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ਦੇ ਸਿਲਵਾਸਾ ’ਚ 2,300 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। ਸਾਡੇ ਸਾਹਮਣੇ ਦੋ ਬਦਲ ਹਨ। ਇਕ ਪਾਸੇ ਸਾਡੇ ਕੋਲ ਦੇਸ਼ ਭਗਤੀ ’ਚ ਰੰਗੇ ਨਰਿੰਦਰ ਮੋਦੀ ਦੀ ਅਗਵਾਈ ਹੈ ਅਤੇ ਦੂਜੇ ਪਾਸੇ ‘ਇੰਡੀਆ’ ਗੱਠਜੋੜ ਹੈ ਜੋ 7 ਪਰਿਵਾਰਾਂ ਦੀਆਂ ਪਾਰਟੀਆਂ ਦਾ ਗੱਠਜੋੜ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਸੋਨੀਆ ਗਾਂਧੀ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ, ਲਾਲੂ ਯਾਦਵ, ਊਧਵ ਠਾਕਰੇ ਅਤੇ ਐੱਮ. ਕੇ. ਸਟਾਲਿਨ ਆਪਣੇ ਪੁੱਤਰਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ, ਜਦਕਿ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਆਪਣੇ ਰਿਸ਼ਤੇਦਾਰ ਨੂੰ (ਪੱਛਮੀ ਬੰਗਾਲ) ਦਾ ਅਗਲਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ। ਸ਼ਾਹ ਨੇ ਕਿਹਾ ਕਿ ਜੋ ਲੋਕ ਪੁੱਤਰਾਂ, ਰਿਸ਼ਤੇਦਾਰਾਂ ਅਤੇ ਜਵਾਈਆਂ ਲਈ ਕੰਮ ਕਰਦੇ ਹਨ, ਉਹ ਤੁਹਾਡਾ ਕੀ ਭਲਾ ਕਰ ਸਕਦੇ ਹਨ?


Aarti dhillon

Content Editor

Related News