ਰਮਨ ਮਿੱਤਲ ਰਿੰਪੀ ਕਾਂਗਰਸ ਛੱਡ ਕੇ ਆਪ 'ਚ ਸ਼ਾਮਲ

02/28/2020 3:52:57 PM

ਬਾਘਾਪੁਰਾਣਾ (ਰਾਕੇਸ਼)–ਕਾਂਗਰਸ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਕਾਂਗਰਸ ਦੇ ਉੱਘੇ ਸਰਗਰਮ ਪਰਿਵਾਰ ਸਵ. ਸੁਰਜੀਤ ਮਿੱਤਲ ਦਾ ਸਪੁੱਤਰ ਅਤੇ ਜ਼ਿਲਾ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਉੱਘੇ ਉਦਯੋਗਪਤੀ ਰਮਨ ਮਿੱਤਲ ਰਿੰਪੀ ਕਾਂਗਰਸ ਛੱਡ ਕੇ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਸ਼ਾਮਲ ਹੋਣ ’ਤੇ ਚੀਮਾ ਨੇ ਰਿੰਪੀ ਮਿੱਤਲ ਦਾ ਸਨਮਾਨ ਕਰਦਿਆਂ ਸੁਆਗਤ ਕੀਤਾ। ਚੀਮਾ ਨੇ ਕਿਹਾ ਕਿ ਇਸ ਨਾਲ ਜ਼ਿਲਾ ਮੋਗਾ ’ਚ ਪਾਰਟੀ ਨੂੰ ਵੱਡੀ ਤਾਕਤ ਮਿਲੀ ਹੈ, ਜਿਸ ਕਰ ਕੇ ‘ਆਪ’ ਹੋਰ ਮਜ਼ਬੂਤੀ ਵੱਲ ਵਧੇਗੀ। ਰਿੰਪੀ ਮਿੱਤਲ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਵੱਡੀ ਗਿਣਤੀ ’ਚ ਅਗਰਵਾਲ ਪਰਿਵਾਰਾਂ, ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੇ ਸੁਆਗਤ ਕੀਤਾ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਿੰਪੀ ਮਿੱਤਲ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੀਆਂ ਅਤੇ ਲੋਕਾਂ ਨੂੰ ਇਨ੍ਹਾਂ ’ਤੇ ਵਿਸ਼ਵਾਸ ਨਹੀਂ ਰਿਹਾ, ਜਿਸ ਕਰ ਕੇ ਦਿੱਲੀ ਦੀ ਤਰ੍ਹਾਂ ਪੰਜਾਬ ’ਚ ਵੀ ਲੋਕਾਂ ਨੇ ‘ਆਪ’ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ ਹੋਇਆ ਹੈ ਕਿਉਂਕਿ ‘ਆਪ’ ਲੋਕ ਹਿੱਤਾਂ ਵਾਲੀ ਪਾਰਟੀ ਹੈ, ਜਿਸ ਨੂੰ ਮਜ਼ਬੂਤ ਕਰਨ ਲਈ ਜ਼ਿਲੇ ਲਈ ਉਹ ਦਿਨ-ਰਾਤ ਇਕ ਕਰ ਦੇਣਗੇ ਅਤੇ ਘਰ-ਘਰ ਜਾ ਕੇ ਨੌਜਵਾਨਾਂ ਨੂੰ ‘ਆਪ’ ਨਾਲ ਜੋਡ਼ਨਗੇ। ਇਸ ਸਮੇਂ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ, ਮੈਡਮ ਨੀਨਾ ਮਿੱਤਲ, ਸੁਰਿੰਦਰ ਗਰਗ ਭੱਠੇ ਵਾਲੇ, ਅੰਮ੍ਰਿਤ ਸਿੱਧੂ ਸੁਖਾਨੰਦ ਅਤੇ ਹੋਰ ਸ਼ਾਮਲ ਸਨ।


Shyna

Content Editor

Related News