ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਵਧਦਾ ਉਬਾਲ ਤੇ ਇਸ ਦੇ ਕੁਝ ਪੱਖ

Tuesday, Sep 17, 2019 - 05:11 PM (IST)

ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਵਧਦਾ ਉਬਾਲ ਤੇ ਇਸ ਦੇ ਕੁਝ ਪੱਖ

ਪਿੱਛੇ ਜਿਹੇ ਹੋਈਆਂ ਦੋ ਤਿੰਨ ਘਟਨਾਵਾਂ ਜਿਨ੍ਹਾਂ ਵਿੱਚ ਇੱਕ ਬਾਰ ਰੈਸਟੋਰੈਂਟ ਵਿੱਚ ਸੀਐੱਮ ਸਕਿਉਰਿਟੀ ਵਿੱਚ ਲੱਗੇ ਇੱਕ ਕਾਂਸਟੇਬਲ ਨੂੰ ਦੂਸਰੇ ਨੌਜਵਾਨ ਵੱਲੋਂ ਗੋਲੀ ਮਾਰ ਕੇ ਮਾਰਨ ਦੀ, ਦੂਜੀ ਇੱਕ ਯੁਵਕ ਵੱਲੋਂ ਦੋ ਕੁੜੀਆਂ ਨੂੰ ਉਨ੍ਹਾਂ ਦੇ ਪੀ ਜੀ ਵਿੱਚ ਜਾ ਕੇ ਜਾਨਵਰਾਂ ਵਾਂਗ ਮਾਰਨਾ ।ਅਜਿਹੀਆਂ ਕਈ ਗੈਰ
ਮਨੁੱਖੀ ਵਰਤਾਰੇ ਵਾਲੀਆਂ ਵਾਰਦਾਤਾਂ ਪਿਛਲੇ ਕੁਝ ਸਮੇਂ ਤੋਂ ਸਾਨੂੰ ਆਮ ਹੀ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲ ਰਹੀਆਂ ਹਨ ।ਜਿਨ੍ਹਾਂ ਨੂੰ ਦੇਖ ਕੇ ਪੜ੍ਹ ਕੇ ਤੇ ਸੁਣ ਕੇ ਸਾਡੇ ਇਨਸਾਨ ਹੋਣ ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ।ਕਿਉਂਕਿ ਇਨਸਾਨ ਤੇ ਜਾਨਵਰ ਵਿੱਚ ਇੱਕੋ ਹੀ ਮੁੱਢਲਾ ਫਰਕ ਹੈ ਕਿ ਇਨਸਾਨ ਸੋਚ ਸਕਦਾ ਹੈ ਤੇ ਆਪਣੀ ਬੁੱਧੀ ਵਰਤ ਸਕਦਾ ਹੈ ਤੇ ਤੇ ਇਸ ਤੋਂ ਉਲਟ ਜਾਨਵਰਾਂ ਕੋਲ ਦਿਮਾਗ ਹੀ ਨਹੀਂ ਹੁੰਦਾ ।ਪਰ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਦੇਖਦਿਆਂ ਇੰਝ ਲੱਗਦਾ ਹੈ ਕਿ ਇਨਸਾਨ ਇਨਸਾਨ ਨਹੀਂ ਬਲਕਿ ਹੈਵਾਨ ਬਣਨ ਦੀ ਕਗਾਰ ਤੇ ਪਹੁੰਚ ਚੁੱਕਾ ਹੈ ।ਰੋਜ਼ਮਰਾ ਦੀ ਜ਼ਿੰਦਗੀ ਵਿੱਚ ਮਨੁੱਖ ਦੇ ਵਰਤਾਰੇ ਵਿੱਚ ਉਸ ਨੂੰ ਖੁਸ਼ੀ ਵੀ ਮਿਲਦੀ ਹੈ ਤੇ ਗਮੀ ਵੀ ਗੁੱਸਾ ਵੀ ਆਉਂਦਾ ਹੈ ਤੇ ਪਿਆਰ ਵੀ ।ਪਰ ਅੱਜ ਦੇ ਨੌਜਵਾਨਾਂ ਦਾ ਇਹ ਹਰਕ ਇੰਨਾ ਵੱਧ ਗਿਆ ਹੈ ਕਿ ਉਹ ਸਾਹਮਣੇ ਵਾਲੇ ਦੀ ਜਾਨ ਲੈਣ ਲੱਗਿਆਂ ਵੀ ਕਤਰਾਉਂਦੇ ਨਹੀਂ ।ਵਿਗਿਆਨ ਦੇ ਅਨੁਸਾਰ ਜੇ ਦੇਖਿਆ ਜਾਏ ਤਾਂ ਇਸ ਨੂੰ ਹਾਈਪਰ ਨੈੱਸ ਕਿਹਾ ਜਾਂਦਾ ਹੈ। ਨੌਜਵਾਨਾਂ ਵਿੱਚ ਸਹਿਣਸ਼ੀਲਤਾ ਦੀ ਭਾਵਨਾ ਏਨੀ ਜ਼ਿਆਦਾ ਘੱਟ ਗਈ ਹੈ ।ਕਿ ਉਹ ਨਿੱਕੀ ਜਿਹੀ ਗੱਲ ਤੇ ਅੱਗ ਬਬੂਲਾ ਤੇ ਕੋਈ ਵੀ ਨਿੱਕੀ ਜਿਹੀ ਨੋਕ ਝੋਕ ਨੂੰ ਦਿਲ ਤੇ ਲਾ ਬੈਠਦੇ ਹਨ ।ਸਿੱਟੇ
ਵਜੋਂ ਸਾਹਮਣੇ ਵਾਲੇ ਵਿਰੁੱਧ ਈਰਖਾ ਰੱਖਦੇ ਹੋਏ ਸਾਜ਼ਿਸ਼ਾਂ ਕਰਨ ਲੱਗ ਜਾਂਦੇ ਹਨ ।ਹਲੀਮੀ ਨਾਂ ਦਾ ਸ਼ਬਦ ਕਿਤਾਬਾਂ ਤੱਕ ਹੀ ਸੀਮਤ ਰਹਿ ਗਿਆ ਲੱਗਦਾ ਹੈ ਇਸ ਸਭ ਪਿੱਛੇ ਦੀ ਮਾਨਸਿਕਤਾ ਨੂੰ ਜਾਣਨ ਦੀ ਜੇਕਰ ਕੋਸ਼ਿਸ਼ ਕਰੀਏ ਤਾਂ ਕਈ ਤੱਥ ਅਜਿਹੇ ਹਨ ਜੋ ਹੁਣ ਤੱਕ ਅਣਗੌਲੇ ਗਏ ਹਨ ਪਰ ਨਾਲ ਨਾਲ ਉਹ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਵਿੱਚ ਸਹਾਈ ਹੁੰਦੇ ਹਨ ਅਤੇ ਨਾਲ ਆ ਕੇ ਕਿਤੇ ਨਾ ਕਿਤੇ ਇਨ੍ਹਾਂ ਤੱਥਾਂ ਦੇ ਸੰਬੰਧ ਜੁੜ ਵੀ ਜਾਂਦੇ ਹਨ ।ਜਿਵੇਂ ਕਿ ਵੱਧਦਾ ਵਿਹਲਪੁਣਾ ,ਉਦਾਸੀਨਤਾ ਤੇ ਨਿਰਾਸ਼ਾਵਾਦੀ ਸੋਚ ਨੂੰ ਜਨਮ ਦਿੰਦਾ ਹੈ ।ਅਜਿਹੇ ਹਾਲਾਤਾਂ ਵਿੱਚ ਮਨੁੱਖ ਗਲਤ ਦਿਸ਼ਾ ਵੱਲ ਸੋਚਣਾ ਸਮਝਣਾ ਤੇ ਨਾਮੋਸ਼ੀ ਭਰਿਆ ਰਹਿਣ ਲੱਗ ਜਾਂਦਾ ਹੈ ।ਅਜਿਹਾ ਰਹਿਣ ਸਹਿਣ ਬੱਚੇ ਨੂੰ ਨਕਾਰਾ ਅਤੇ ਨਿਕੰਮਾ ਬਣਾ ਦਿੰਦਾ ਹੈ ।ਅਜਿਹੇ ਵਿੱਚ ਬੰਦੇ ਅੰਦਰ ਹਰਖ, ਈਰਖਾ, ਗੁੱਸਾ ਤੇ ਚਿੜਚੜਾਪਣ ਆ ਜਾਂਦਾ ਹੈ। ਅਜਿਹਾ ਵਿਅਕਤੀ ਜਦੋਂ ਆਪਣੀ ਸੌੜੀ ਮਾਨਸਿਕਤਾ ਨੂੰ ਆਪਣੇ ਕੰਮਾਂ ਵਿੱਚ ਪਾਉਂਦਾ ਹੈ ਤਾਂ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਅਚੰਬਾ
ਨਹੀਂ ਹੋਵੇਗਾ। ਕਿਉਂਕਿ ਮੂਰਖ ਤੇ ਨਿਕੰਮੇ ਵਿਅਕਤੀ ਤੋਂ ਅਸੀਂ ਨਵਾਂ ਤੇ ਚੰਗਾ ਸਮਾਜ ਸਿਰਜਨ ਦੀਆਂ ਆਸਾ ਨੀ ਰੱਖ ਸਕਦੇ ।ਕਿਉਂਕਿ ਇੱਕ ਸੂਝਵਾਨ ਵਿਅਕਤੀ ਦੀ ਨਿਸ਼ਾਨੀ ਉਸ ਦਾ ਸੁਭਾਅ ਤੇ ਬੋਲਚਾਲ ਦਾ ਸਲੀਕਾ ਹੀ ਹੈ। ਸਿਆਣਪ, ਸਬਰ ,ਸੰਤੋਖ ਇਹ ਸਮਝਦਾਰੀ ਦੇ ਮਾਪਦੰਡ ਹਨ ।ਗੁੱਸਾ ਹਰ ਇੱਕ ਨੂੰ ਆਉਂਦਾ ਹੈ ਬੜੇ ਵੱਡੇ ਵਿਦਵਾਨਾਂ ਤੋਂ ਲੈ ਕੇ ਗੁਰੂਆਂ,ਪੀਰਾਂ, ਫਕੀਰਾਂ ਨੂੰ ਵੀ ਕਿਸੇ ਦੀ ਕੋਈ ਗੱਲ ਚੰਗੀ ਤੇ ਮਾੜੀ ਲੱਗਣ ਦਾ ਅਧਿਕਾਰ ਤੇ ਮਰਜ਼ੀ ਸੀ ।ਪ੍ਰੰਤੂ ਉਨ੍ਹਾਂ ਦੀ ਆਪਣੀ ਵਿਚਾਰਧਾਰਾ ਤੇ ਆਪਣੀ ਸੋਚ ਦੀ ਵਿਲੱਖਣਤਾ ਹੀ ਅਜਿਹੀ ਸੀ ਜਿਸ ਨਾਲ ਸਾਹਮਣੇ ਵਾਲਾ ਖੁਦ ਆਪਣੀ ਗਲਤੀ ਦੀ ਖਿਮਾ ਯਾਚਨਾ ਕਰ ਲੈਂਦਾ ਸੀ । ਅੱਜ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣੀ ਸ਼ਖ਼ਸੀਅਤ ਨੂੰ ਇਸ ਕਦਰ ਨਿਖਾਰੋ ਕੀ ਤੁਹਾਡੇ ਨਾਲ ਜੇ ਕੋਈ ਅੱਜ ਕਿਸੇ ਗੱਲ ਤੇ ਬਹਿਸਦਾ ਦਾ ਵੀ ਹੈ ਤਾਂ ਕੱਲ੍ਹ ਨੂੰ ਤੁਹਾਡੇ ਵਿਚਾਰਾਂ ਤੋਂ ਜਾਂ ਤੁਹਾਡੀ ਸੋਚ ਤੋਂ ਪ੍ਰਭਾਵਿਤ ਹੋ ਕੇ ਆਪਣੀ ਗਲਤੀ ਦਾ ਪ੍ਰਗਟਾਵਾ ਕਰੇ ।ਹਰਖ ,ਗੁੱਸਾ, ਭੜਕਣਾ ,ਉੱਚੀ ਬੋਲਣਾ ਇਹ ਸਭ
ਮੂਰਖਤਾ ਦੀ ਨਿਸ਼ਾਨੀਆਂ ਹਨ ।ਮਾਰ ਧਾੜ ਕਰਨ ਨਾਲ ਤੁਸੀਂ ਸਾਹਮਣੇ ਦਾ ਨੁਕਸਾਨ ਤਾਂ ਕਰ ਹੀ ਰਹੇ ਹੋ। ਪਰ ਅਗਲੇ ਵੇਲੇ ਜਦ ਇਸ ਦਾ ਅੰਜਾਮ ਭੁਗਤਣਾ ਪੈਂਦਾ ਹੈ ਤਾਂ ਅਸੀਂ ਇਸ ਵੇਲੇ ਨੂੰ ਰੋਂਦੇ ਹਾਂ, ਪਛਤਾਉਂਦੇ ਹਾਂ ।ਪਰ ਉਦੋਂ ਸਿਰਫ ਪਛਤਾਵੇ ਤੋਂ ਬਿਨਾਂ ਸਾਡੇ ਕੋਲ ਕੋਈ ਦੂਜਾ ਬਦਲ ਨਹੀਂ ਹੁੰਦਾ ।ਮੇਰੀ ਅੱਜ ਦੇ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਕਿ ਹੱਸੋ ਖੇਡੋ, ਰੁੱਸੇ ਮਨਾਓ ,ਪਰ ਕਦੇ ਇਸ ਕਦਰ ਨਾ ਭੜਕੇ ਜਿੱਥੇ ਤੁਹਾਨੂੰ ਇਨਸਾਨ ਤੇ ਸ਼ੈਤਾਨ ਵਿਚਲਾ ਫਰਕ ਹੀ ਭੁੱਲ ਜਾਵੇ ।ਕਿਉਂਕਿ ਦੁਨੀਆਂ ਕਿਸੇ ਨਹੀ ਜਿੱਤੀ ਜੇ ਜਿੱਤਣੇ ਨੇ ਤਾਂ ਦਿਲ ਜਿੱਤੋ ,ਦੁਨੀਆਂ ਆਪਣੇ ਆਪ ਹੀ ਤੁਹਾਡੀ ਕਾਇਲ ਹੋ ਜਾਵੇਗੀ। ਇਸ ਸਭ ਪਿੱਛੇ ਇਸ ਦਾ ਦੂਸਰਾ ਪੱਖ , ਜੋ ਕਿ ਮੇਰੇ ਅਨੁਸਾਰ ਮੁੱਖ ਧੁਰਾ ਹੈ ।ਉਹ ਹੈ ਅੱਜ ਕੱਲ੍ਹ ਦਾ ਗਾਉਣ ਵਜਾਉਣ ।ਕਈ ਬਹੁਤੇ ਸਿਆਣੇ ਇਸ ਨੂੰ ਮਨੋਰੰਜਨ ਦਾ ਨਾਂ ਦੇ ਕੇ ਟਾਲ ਵੀ ਦਿੰਦੇ ਹਨ ।ਪਰ ਜੇ ਦੇਖਿਆ ਜਾਏ ਅਮਲੀ ਪ੍ਰਯੋਗਾਂ ਅਨੁਸਾਰ ਜੇਕਰ ਗੁਰਬਾਣੀ ਜਾਂ ਹੋਰ ਧਾਰਮਿਕ ਬੋਲ ਸੁਣਨ ਨਾਲ ਰੂਹ ਨੂੰ ਸ਼ਾਂਤੀ ਮਿਲ ਸਕਦੀ ਹੈ , ਜੇਕਰ ਉਦਾਸੀਨਤਾ ਵਾਲੇ ਗੀਤਾਂ ਨਾਲ ਅਸੀਂ ਭੂਤ ਕਾਲ ਵਿੱਚ ਜਾ ਸਕਦੇ ਹਾਂ , ਜੇਕਰ ਕੁਝ ਤਰੰਗਾਂ ਨਾਲ ਸਾਡਾ ਧਿਆਨ ਕੇਂਦਰਿਤ ਹੋ ਸਕਦਾ ਹੈ ਤੇ ਜੇਕਰ ਲੀਡਰਾਂ ਦੇ ਬੋਲੇ ਬੋਲ ਨਾਲ ਅਸੀਂ ਉਨ੍ਹਾਂ ਦੇ ਹੱਕ ਵਿੱਚ ਭੁਗਤ ਸਕਦੇ ਹਾਂ ਤਾਂ ਫਿਰ ਭੜਕਾਊ ਗੀਤਾਂ ਨੂੰ ਸੁਣ ਕੇ ਭੜਕ ਨਾ ਵੀ ਜਾਇਜ਼ ਹੈ ।ਕਿਤ ਨਾ ਕਿਤੇ ਇਹ ਗੀਤ ,ਇਹ ਬੋਲ ਹਥਿਆਰਾਂ ਨੂੰ ਪ੍ਰਮੋਟ ਵੀ ਕਰਦੇ ਨੇ ਤੇ ਬਾਅਦ ਚ ਇੱਕ ਸਟੇਟਸ ਸਿੰਬਲ ਵੀ ਬਣਦੇ ਨੇ। ਕਿਉਂਕਿ ਗੀਤਾਂ ਚ ਦਿਖਾਇਆ ਹੀਰੋ, ਇਸ ਸਭ ਨਾਲ ਲੈਸ ਹੁੰਦਾ ਹੈ। ਉਦਾਹਰਨ ਵਜੋਂ ਇੱਕ ਆਮ ਘਰ ਦੇ ਬੱਚੇ ਜਾਂ ਨੌਜਵਾਨ ਨੂੰ ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਕਿਹੜੇ ਗਲੋਕ, ਵੈਬਲੇ ,ਬਰੇਟਾ ਜਾਂ ਮੈਗਨਮ ਬਾਰੇ ਪਤਾ ਸੀ ਪਰ ਫਿਰ ਹੌਲੀ ਹੌਲੀ ਜਦੋਂ ਇਹ ਸਭ ਡੱਬ ਚ ਤੇ ਗੱਡੀ ਚ ਸਾਡੇ ਨਾਲ ਰਹਿਣ ਲੱਗ ਪਿਆ ਤਾਂ ਅਜਿਹੀਆਂ ਵਾਰਦਾਤਾਂ ਦਾ ਹੋਣਾ ਸੁਭਾਵਿਕ ਸੀ।ਗੀਤ ਉਦੋਂ ਤੱਕ ਗੀਤ ਹੈ ਜਦੋਂ ਤੱਕ ਤੁਸੀਂ ਉਸ ਗੀਤ ਵਿਚਲੀਆਂ ਸਤਰਾਂ ਨੂੰ ਕਦੇ ਆਪਣੇ ਆਪ ਤੇ ਨਹੀਂ ਥੋਪਿਆ ।ਸੋ ਮੇਰੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ੲਿਹੋ ਬੇਨਤੀ ਹੈ ਕਿ ਆਪਣੇ ਵਿਰੋਧੀਆਂ ਨੂੰ ਆਪਣੇ ਕੰਮਾਂ ਨਾਲ ,ਆਪਣੀ ਸਫਲਤਾ ਨਾਲ ਜਵਾਬ ਦੇਣਾ ਸਿੱਖੋ ਤਾਂ ਕਿ ਉਂ ਦੇਖਣ ਤੇ ਸੋਚਣ ਲਈ ਮਜਬੂਰ ਹੋ ਜਾਣ ਤੇ ਤੁਹਾਡੇ ਕੋਲੋਂ ਮੁਆਫ਼ੀ ਮੰਗਣ ਲਈ ਵੀ ਉਨ੍ਹਾਂ ਨੂੰ ਕਤਾਰਾਂ ਚ ਲੱਗਣਾ ਪਵੇ। ਆਪਣੇ ਗੁੱਸੇ ਤੇ ਕਾਬੂ ਰੱਖ ਕੇ ਅੱਗੇ ਵਧਣਾ ਤੇ ਸਹਿਣਸ਼ੀਲਤਾ ਨਾਲ ਰਹਿਣਾ ਇਕ ਸੱਭਿਅਕ ਮਨੁੱਖ ਦੀ ਨਿਸ਼ਾਨੀ ਹੈ ।ਕਿਤੇ ਅਜਿਹਾ ਨਾ ਹੋਏ ਕਿ ਕੱਲ੍ਹ ਨੂੰ ਮਨੁੱਖ ਅਤੇ ਜਾਨਵਰ ਵਿੱਚ ਫਰਕ ਕਰਨਾ ਮੁਸ਼ਕਿਲ ਹੋ ਜਾਵੇ ।

ਮਨਦੀਪਜੋਤ ਸਿੰਘ
ਮੋਬਾਇਲ-918847027796


author

Aarti dhillon

Content Editor

Related News