ਟੀਕੇ (ਮਿੰਨੀ ਕਹਾਣੀ)
Thursday, Jun 06, 2019 - 12:45 PM (IST)

ਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਸਟਰ ਹਰਨੇਕ ਸਕੂਲ ਗੇੜਾ ਮਾਰਨ ਗਿਆ ਤਾਂ ਉਸਨੂੰ ਦਫਤਰ ਦੇ ਪਿਛਲੇ ਪਾਸੇ ਕਿਸੇ ਦੇ ਬੈਠੇ ਹੋਣ ਦੀ ਭਿਣਕ ਪਈ ਅਤੇ ਜਦੋਂ ਉਸ ਨੇ ਦੱਬੇ ਪੈਰੀਂ ਜਾ ਕੇ ਦੇਖਿਆ ਤਾਂ ਦੋ ਨੌਜਵਾਨ ਕੰਧ ਨਾਲ ਲੇਟੇ ਹੋਏ ਇੱਕ-ਦੂਜੇ ਦੀਆਂ ਬਾਹਾਂ ਵਿੱਚ ਬੜੀ ਬੇਦਰਦੀ ਨਾਲ ਸਰਿੰਜਾਂ ਲਾਈ ਜਾ ਰਹੇ ਸੀ ।ਗੌਰ ਨਾਲ ਦੇਖਣ ਤੇ ਹਰਨੇਕ ਦੇ ਹੋਸ਼ ਉੱਡ ਗਏ ਕਿ ਇਹ ਤਾਂ ਬਬਲੂ ਅਤੇ ਜੀਤਾ ਨੇ, ਜੋ ਕੁਝ-ਕੁ ਸਾਲ ਪਹਿਲਾਂ ਹੀ ਉਸ ਕੋਲ ਪੜ੍ਹਦੇ ਸਨ । ਉਸ ਦੀਆਂ ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਦੋਵੇਂ ਹੋਣਹਾਰ ਬੱਚੇ ਇਸ ਕੁਰਾਹੇ ਕਿੰਝ ਪੈ ਸਕਦੇ ਐ।ਅੱਗੋਂ ਉਹ ਵੀ ਹੱਥ ਜੋੜ ਕੇ ਕਹਿਣ ਲੱਗੇ , “ ਸਰ ਜੀ!! ਸਾਨੂੰ ਮਾਫ ਕਰ ਦੇਓ, ਅਸੀਂ ਮੁੜ ਕੇ ਨਹੀਂ ਏਹੋ ਜੀ ਕੋਈ ਗਲਤੀ ਕਰਦੈ “ਓਏ ਪੁੱਤਰੋ !! ਤੁਸੀਂ ਤਾਂ ਟੀਕੇ ਲੱਗਣ ਆਲੇ ਦਿਨ ਸਕੂਲ ਨਹੀਂ ਸੀ ਆਉਂਦੇ , ਜੇ ਕਿਤੇ ਆ ਵੀ ਜਾਂਦੇ ਸੀ ਤਾਂ ਡਰਦੇ ਮਾਰੇ ਕੰਧ ਟੱਪ ਕੇ ਭੱਜ ਜਾਂਦੇ ਸੀ, ਹੁਣ ਤੁਸੀਂ ਐਨੇ ਬੇਖ਼ੌਫ਼ ਕਿਵੇਂ ਹੋ ਗਏ ? “ ਹਰਨੇਕ ਅਤੀਤ ਚੇਤੇ ਕਰਦਿਆਂ ਬੋਲਿਆ ।
“ ਸਰ ਜੀ !! ਤੁਹਾਨੂੰ ਤਾਂ ਪਤੈ ਈ ਐ, ਅਸੀਂ ਪੜ੍ਹਨ 'ਚ ਕਿੰਨੇ ਹੁਸ਼ਿਆਰ ਸਾਂ, ਪੜ੍ਹਾਈ ਪੂਰੀ ਹੋਣ ਮਗਰੋਂ ਅਸੀਂ ਸਰਕਾਰ ਅੱਗੇ ਰੁਜ਼ਗਾਰ ਲਈ ਬਹੁਤ ਤਰਲੇ ਕੀਤੇ , ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ “ਬਬਲੂ ਨੇਭਾਵਕ ਹੁੰਦਿਆਂ ਕਿਹਾ। “ ਪਰ ਪੁੱਤਰੋ !! ਇਹ ਕੋਈ ਮਸਲੇ ਦਾ ਹੱਲ ਥੋੜ੍ਹੀ ਐ, ਥੋਨੂੰ !! ਇੰਨ੍ਹਾਂ ਜ਼ਿੰਦਗੀ ਬਰਬਾਦ ਕਰਨ ਵਾਲੇ ਟੀਕਿਆਂ ਤੋਂ ਡਰ ਨਹੀਂ ਲੱਗਦੈ ਹਰਨੇਕ ਨੇ ਪੁੱਛਿਆ । “ ਸਰ ਜੀ !! ਸਾਨੂੰ ਭਵਿੱਖ ਦੇ ਹਾਲਾਤ ਇਸ ਨਾਲੋਂ ਕਿਤੇ ਵੱਧ ਡਰਾਵਣੇ ਦਿਸਦੇ ਐ , ਤਾਈਂਓ ਤਾਂ ਅਸੀਂ ਐਹ ਅੱਕ ਚੱਬਣ ਲਈ ਮਜਬੂਰ ਆਂ “ ਇਹ ਕਹਿੰਦਾ ਜੀਤਾ ਅੱਖਾਂ
ਭਰ ਆਇਆ।ਹਰਨੇਕ ਨੇ ਦੋਵਾਂ ਨੂੰ ਨਰਕ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਓਹ ਅਸਲੀਅਤ ਸਮਝ ਕੇ ਜੋਸ਼ ਨਾਲ ਬੋਲੇ , “ ਸਰ ਜੀ!! ਤੁਸੀਂ ਤਾਂ ਸਾਡੀਆਂ ਅੱਖਾਂ ਈ ਖੋਲ੍ਹ ਦਿੱਤੀਆਂ ਨੇ, ਅੱਜ ਤੋਂ ਬਾਅਦ ਅਸੀਂ ਇਹ ਟੀਕੇ ਆਪਣੀਆਂ ਬਾਹਾਂ ਵਿੱਚ ਨਹੀਂ, ਸਗੋਂ ਸਾਡੇ ਇੰਨ੍ਹਾਂ ਹਾਲਾਤਾਂ ਲਈ ਜ਼ਿੰਮੇਵਾਰ ਹਾਕਮਾਂ ਦੀ ਹਿੱਕ ਵਿੱਚ ਵੋਟਾਂ ਵੇਲੇ ਲਾਵਾਂਗੇ “
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205 :9417180205]