ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ

Monday, Mar 19, 2018 - 05:07 PM (IST)

ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ

ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ। 
ਸੋਨੇ ਦੀ ਮੁਰਗ਼ੀ ਹੈ, ਆਂਡਾ ਵੀ ਭਾਰਾ ਹੈ।
ਭੰਡਾਰਾ ਰਤਨਾਂ ਦਾ, ਅਜਗਰ ਫੁੰਕਾਰਾ ਹੈ।
ਵੈਦ ਧਨੰਤਰ ਦੀ, ਗੁੱਥੀ ਅੰਮ੍ਰਿਤ-ਧਾਰਾ ਹੈ।
ਕਾਦਰ ਦੀ ਬੁਣਤੀ ਦਾ, ਅਜਬ ਖਲਾਰਾ ਹੈ।
ਵਿਸਮਾਦੀ ਚਸ਼ਮੇ ਨੇ, ਸੰਗੀਤ ਮੁਨਾਰਾ ਹੈ।
ਬਰਫ਼ੀਲੇ ਪਰਬਤਾਂ ਦੀ, ਨਿਰੰਤਰ ਧਾਰਾ ਹੈ।
ਸੰਜੀਵਨ ਬੂਟੀਆਂ ਦਾ, ਕੇਸਰ ਕਿਆਰਾ ਹੈ।
ਗੁਲਦਸਤਾ ਕੌਮਾਂ ਦਾ, ਇੱਕ ਭਾਈਚਾਰਾ ਹੈ।
ਮਿਸ਼ਰਨ ਸੱਭਿਅਤਾ ਦਾ, ਦਰਸ ਦੀਦਾਰਾ ਹੈ।
ਖਾਣ ਹੀਰਿਆਂ ਦੀ, ਸੁਪਨਈ ਲਿਸ਼ਕਾਰਾ ਹੈ।
ਮਿਰਗ ਤ੍ਰਿਸ਼ਨਾ ਦਾ, ਸੁੰਦਰ ਝਲਕਾਰਾ ਹੈ।
ਮੁੱਲ ਪੈਂਦਾ ਗੁਣੀਆਂ ਦਾ, ਬਾਸ ਕਰਾਰਾ ਹੈ।
ਅਕਲਾਂ ਦੇ ਸੋਮੇ ਦਾ, ਉੱਚਤਮ ਫੁਹਾਰਾ ਹੈ।
ਨਿਕੰਮਾ ਵਿਹਲੜ ਹੈ, ਜੋ ਕਰਮਾਂ ਮਾਰਾ ਹੈ।
ਪ੍ਰੇਮੀ ਜੋੜਿਆਂ ਲਈ, ਇਹ ਤਖ਼ਤ ਹਜਾਰਾ ਹੈ।

ਸਿੰਘਾਸਨ ਉੱਤੇ ਬੈਠਾ, ਜੋ ਖ਼ੋਲ ਪਟਾਰਾ ਹੈ।
ਸੁਆਮੀ ਦੁਨੀਆ ਦਾ, ਕੰਮੀਂ ਸਚਿਆਰਾ ਹੈ।
ਹੱਥ ਗ਼ੁੰਚਾ ਕਲਮਾਂ ਦਾ, ਕੋਮਲ ਨਿਆਰਾ ਹੈ।
ਕ੍ਰਿਸ਼ਮਾ ਮਿਹਨਤ ਦਾ, ਕਰਮ ਪਿਆਰਾ ਹੈ।
ਕਾਲੇ ਗੋਰਿਆਂ ਦਾ, ਮਾਰਗ ਦਸਤਾਰਾ ਹੈ।
ਚਮੜੀ ਤਾਂ ਕਾਲੀ ਹੈ, ਬੁਲੰਦ ਸਿਤਾਰਾ ਹੈ।
ਭੂੰਡਾਂ ਦੀ ਖੱਖਰ ਵਿਚ, ਉਹ ਕੱਲਾ-ਕਾਰਾ ਹੈ। 
ਉੱਜੜੇ ਪਨਾਂਹਗੀਰਾਂ ਦਾ, ਹਮਦਰਦ ਸਹਾਰਾ ਹੈ।

ਨਸਲੀ ਦੰਗੇ ਨਹੀਂ, ਨਾ ਮਜ਼੍ਹਬਾਂ ਦਾ ਨਾਅਰਾ ਹੈ। 
ਧਰਮ ਦੇ ਰਾਖਿਆਂ ਲਈ ਪਰਮੇਸ਼ਰ ਦਵਾਰਾ ਹੈ।

ਵਿਕਾਸ ਮਨੁੱਖਤਾ ਦਾ, ਉਹਦਾ ਇੱਕ ਨਾਅਰਾ ਹੈ। 
ਮੌਕਾ ਸਭ ਨੂੰ ਦਿੰਦਾ ਹੈ, ਇਕਸਾਰ ਵਰਤਾਰਾ ਹੈ।
ਅਮਰੀਕਾ ਨਾਲ ਮੇਰਾ, ਰਿਸ਼ਤਾ ਬੜਾ ਗਾੜ੍ਹਾ ਹੈ।
ਜੀਵਨ ਦਾਨ ਦਿੰਦਾ ਹੈ, ਕਰੋੜਾਂ ਦਾ ਸਹਾਰਾ ਹੈ। 
ਭਵਿੱਖ ਨਵੀਂ ਪਨੀਰੀ ਦਾ, ਚੰਗਾ ਉਜਿਆਰਾ ਹੈ।
ਪੰਨੂ ਨੂੰ ਝੱਲਦਾ ਇਹ, ਮਹਿਫ਼ੂਜ਼ ਗਲਿਆਰਾ ਹੈ।
ਚਰਨਜੀਤ ਸਿੰਘ ਪੰਨੂ


Related News