ਖੁਦਕੁਸ਼ੀ : ‘ਜੀਵਨ ਦੀ ਸੱਭ ਤੋਂ ਵੱਡੀ ਹਾਰ’

06/15/2020 7:23:08 PM

ਇੱਕ ਖੂਬਸੂਰਤ ਅਤੇ ਲੋਕਾਂ ਦੇ ਹਰਮਨ ਪਿਆਰੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜਿਸ ਦੀ ਭਰ ਜਵਾਨੀ ਦੀ 34 ਸਾਲ ਦੀ ਹੀ ਉਮਰ ਸੀ, ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉੱਚੀਆਂ ਉੱਚੀਆਂ ਕਲਪਨਾਵਾਂ ਅਤੇ ਇੱਛਾਵਾਂ ਰੱਖਣ ਦੀ ਉਮਰ ਵਿੱਚ ਹੀ ਜੀਵਨ ਖਤਮ ਹੋ ਗਿਆ ਹੈ। ਜੀਵਨ ਦੇ ਲੌਢੇ ਵੇਲੇ ਵਿੱਚ ਪਹੁੰਚ ਚੁੱਕੇ ਉਸ ਦੇ ਪਿਤਾ ਜੀ ਅਤੇ ਭਾਰਤੀ ਸੱਭਿਆਚਾਰ ਅਨੁਸਾਰ ਭਰਾ ਨੂੰ ਸਹਾਰਾ ਮੰਨੀ ਬੈਠੀਆਂ ਤਿੰਨੋ ਭੈਣਾਂ, ਬੇਸਹਾਰਾ ਮਹਿਸੂਸ ਕਰਨ ਦੀ ਅਵਸਥਾ ਵਿੱਚ ਪਹੁੰਚ ਗਏ ਹਨ। ਉਸ ਨੂੰ ਪਿਆਰ ਕਰਨ ਵਾਲੇ ਦਰਸ਼ਕ ਅਤੇ ਆਮ ਲੋਕ ਬਹੁਤ ਦੁੱਖ ਮਹਿਸੂਸ ਕਰ ਰਹੇ ਹਨ ਪਰ ਕੋਈ ਵਾਪਸੀ ਨਹੀਂ, ਸਾਰੇ ਜਾਣਦੇ ਹਨ।

ਇਸ ਮੰਦਭਾਗੀ ਘਟਨਾ ਨੇ ਹੋਰ ਵੀ ਬਹੁਤ ਸਾਰੀਆਂ ਹੋ ਰਹੀਆਂ ਖੁਦਕੁਸ਼ੀਆਂ ਵੱਲ ਧਿਆਨ ਖਿੱਚ ਲਿਆ ਹੈ। ਭਾਵੇਂ ਉਹ ਫਿਲਮ ਇੰਡਸਟਰੀ, ਵੱਡੇ ਵਿਉਪਾਰ, ਉੱਚੇ ਅਹੁਦੇ, ਕਿਸਾਨਾਂ, ਮਜਦੂਰਾਂ ਜਾਂ ਹੋਰ ਆਮ ਲੋਕਾਂ ਨਾਲ ਸੰਬੰਧਤ ਭਾਵੇਂ ਲੋਕ ਹੀ ਕਿਉਂ ਨਾ ਹੋਣ। ਦੁਨੀਆਂ ਭਰ ਵਿੱਚ ਮੌਤ ਦੇ ਕਾਰਣਾਂ ਵਿੱਚੋਂ ਇਹ ਤੀਜਾ ਸੱਭ ਤੋਂ ਵੱਡਾ ਕਾਰਣ ਹੈ। ਦੁਨੀਆਂ ਭਾਰ ਵਿੱਚ ਹਰ ਸਾਲ ਅੱਠ ਲੱਖ ਦੇ ਕਰੀਬ ਲੋਕਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਖੁਦਕੁਸ਼ੀ ਕੀ ਹੈ,ਕਿਉਂ ਕੀਤੀ ਜਾਂਦੀ ਹੈ, ਇਸ ਤੋਂ ਪਹਿਲਾਂ ਦੇ ਲੱਛਣ, ਕੀ ਇਸ ਨੂੰ ਰੋਕਿਆ ਜਾ ਸਕਦਾ ਹੈ, ਕਿਸ ਪੱਧਰ ’ਤੇ ਬਚਾਓ ਦੇ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ ਬਹੁਤ ਗੰਭੀਰਤਾ ਨਾਲ ਵਿਚਾਰਨ ਦਾ ਵਿਸ਼ਾ ਹੈ। ਆਓ ਸਾਰਿਆਂ ਪੱਖਾਂ ’ਤੇ ਵਿਚਾਰ ਕਰੀਏ ਅਤੇ ਇਸ ਤਰ੍ਹਾਂ ਸਮਾਜ ਵਿੱਚ ਹੋ ਰਿਹਾ ਅਨਰਥ ਰੋਕਣ ਦਾ ਯਤਨ ਕਰੀਏ।

ਪੜ੍ਹੋ ਇਹ ਵੀ - ਚੀਨ ਪਹਿਲਾਂ ਦਿੰਦਾ ਹੈ ਕਰਜ਼ਾ, ਫਿਰ ਕਰਦਾ ਹੈ ਕਬਜ਼ਾ (ਵੀਡੀਓ)

ਖੁਦਕੁਸ਼ੀ ਅਤੇ ਕਾਰਣ - 
ਆਪਣੇ ਆਪ ਆਪਣਾ ਜੀਵਨ ਖਤਮ ਕਰ ਲੈਣਾ ਖੁਦਕੁਸ਼ੀ ਕਹਾਉਂਦਾ ਹੈ। ਆਪਣਾ ਜੀਵਨ ਖਤਮ ਕਰਨ ਬਾਰੇ ਸੋਚਣਾ, ਮਰਨ ਲਈ ਕੋਈ ਢੰਗ ਅਪਣਾਉਣਾ ਪਰ ਮਰਨੋਂ ਬਚ ਜਾਣਾ ਖੁਦਕੁਸ਼ੀ ਲਈ ਕੋਸ਼ਿਸ਼ ਕਹਾਉਂਦਾ ਹੈ। ਖੁਦਕੁਸ਼ੀ ਕਰਨ ਦੇ ਪਿੱਛੇ ਬਹੁਤ ਸਾਰੇ ਕਾਰਣ ਹਨ ਜਿਵੇਂ ਕਿ ਮਾਨਸਿਕ ਵਿਕਾਰ, ਮਨੋਵਿਗਿਆਨਕ ਅਵਸਥਾਵਾਂ, ਪਰਿਵਾਰਕ ਅਤੇ ਸਮਾਜਿਕ ਵਾਤਾਵਰਣ, ਪਿਤਾ ਪੁਰਖੀ ਸਮੱਸਿਆ, ਬੀਤ ਚੁੱਕੀਆਂ ਬੁਰੀਆਂ ਯਾਦਾਂ ਦਾ ਆਉਣਾ, ਲੰਬਾ ਸਮਾਂ ਕੈਦ ਵਿੱਚ ਰਹਿਣਾ, ਬੇਗਾਨਗੀ ਮਹਿਸੂਸ ਹੋਣਾ, ਆਰਥਿਕਤਾ ਦਾ ਕਮਜੋਰ ਹੋਣਾ, ਅਚਨਚੇਤ ਆਰਥਿਕਤਾ ਦਾ ਡਗਮਗਾ ਜਾਣਾ, ਸਰੀਰਕ ਅਤੇ ਮਾਨਸਿਕ ਸੋਸ਼ਣ ਹੋਣਾ, ਪਤੀ ਪਤਨੀ ਜਾਂ ਹੋਰ ਗੁੜ੍ਹੇ ਸੰਬੰਧਾਂ ਵਿੱਚ ਵਿਗਾੜ ਪੈ ਜਾਣਾ, ਵਧ ਚੁੱਕੀ ਨਸ਼ਿਆਂ ਦੀ ਆਦਤ, ਜ਼ਿਆਦਾ ਮਹੱਤਵ-ਅਕਾਂਕਸ਼ੀ ਹੋਣਾ, ਲੋੜ ਤੋਂ ਵੱਧ ਇੱਛਾਵਾਂ ਪਾਲ ਲੈਣਾ, ਤਣਾਓ ਦਾ ਪ੍ਰਬੰਧਨ ਕਰਨ ਵਿੱਚ ਅਸਮਰਥ ਹੋਣਾ ਆਦਿ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਹਰ ਮੋਰਚੇ 'ਤੇ ਜੂਝਣ ਵਾਲਾ ਜਰਨੈਲ ‘ਜੁਗਰਾਜ ਸਿੰਘ’

ਖੁਦਕੁਸ਼ੀ ਦੇ ਲੱਛਣ- 
ਕੁਝ ਅਜਿਹੇ ਇਸ ਬੀਮਾਰੀ ਤੋਂ ਗ੍ਰਸਤ ਵਿਅਕਤੀ ਹੁੰਦੇ ਹਨ, ਜਿਨ੍ਹਾਂ ਨੂੰ ਆਮ ਲੋਕ ਨਹੀਂ ਬਲਕਿ ਮਨੋਚਕਿਤਸਕ ਤੇ ਮਨੋਵਿਗਿਆਨਕ ਹੀ ਸਮਝ ਸਕਦੇ ਹਨ। ਪਰ ਬਹੁਤ ਸਾਰੇ ਗ੍ਰਸਤ ਲੋਕਾਂ ਨੂੰ ਪਰਿਵਾਰਕ ਮੈਂਬਰ, ਸਹਿ ਕਰਮੀ, ਆਂਢੀ-ਗੁਆਂਢੀ ਅਤੇ ਆਮ ਸਮਾਜਿਕ ਲੋਕ ਲੱਛਣਾਂ ਤੋਂ ਅਨੁਭਵ ਕਰ ਲੈਂਦੇ ਹਨ। ਕੁੱਝ ਇੱਕ ਲੱਛਣ ਇਸ ਤਰ੍ਹਾਂ ਹਨ, ਜਿਵੇਂ ਵਿਅਕਤੀ ਦਾ ਲਗਾਤਾਰ ਉਦਾਸ ਰਹਿਣਾ, ਚੁੱਪ ਚਾਪ ਰਹਿਣਾ, ਇਕੱਲੇ ਰਹਿਣਾ ਪਸੰਦ ਕਰਨਾ, ਸੁਭਾਓ ਵਿੱਚ ਚਿੜਚਿੜਾਪਨ ਆ ਜਾਣਾ, ਅਚਨ ਚੇਤ ਸੁਭਾਓ ਦਾ ਬਦਲ ਜਾਣਾ, ਜਿਵੇਂ ਖੁਸ਼, ਉਦਾਸ, ਨਾਰਾਜ਼, ਗੁੱਸੇ ਹੋਣਾ, ਨੀਂਦ ਦਾ ਜ਼ਿਆਦਾ ਆਉਣਾ, ਘੱਟ ਆਉਣਾ, ਬਹੁਤ ਜ਼ਿਆਦਾ ਉਤੇਜਿਤ ਹੋ ਜਾਣਾ, ਨਿਢਾਲ ਹੋ ਜਾਣਾ, ਕਾਮਿਕ ਪ੍ਰਵਿਰਤੀਆਂ ਦਾ ਜ਼ਿਆਦਾ ਵਧ ਜਾਣਾ, ਇਨ੍ਹਾਂ ਦਾ ਬਿਲਕੁਲ ਘਟ ਜਾਣਾ, ਲਗਾਤਾਰ ਨਿਰਾਸ਼ ਰਹਿਣਾ, ਬਹੁਤ ਜ਼ਿਆਦਾ ਰਿਸਕ ਲੈ ਲੈਣਾ, ਬੇ-ਅਰਾਮੀ ਮਹਿਸੂਸ ਕਰਨਾ, ਕਾਹਲਾਪਨ ਆ ਜਾਣਾ, ਬਹੁਤ ਜ਼ਿਆਦਾ ਬੋਲਣਾ, ਲਗਾਤਾਰ ਅਸੁਰੱਖਿਅਤ ਮਹਿਸੂਸ ਕਰਨਾ, ਜ਼ਿਆਦਾ ਸ਼ੱਕੀ ਅਤੇ ਵਹਿਮੀ ਬਣ ਜਾਣਾ ਅਤੇ ਛੋਟੀਆਂ ਛੋਟੀਆਂ ਗੱਲਾਂ ’ਤੇ ਝਗੜਾਲੂ ਬਣ ਜਾਣਾ ਆਦਿ।

ਖੁਦਕੁਸ਼ੀ ਦੇ ਢੰਗ
ਜੇਕਰ ਸਮੇਂ ਸਿਰ ਇਲਾਜ ਨਾ ਹੋ ਸਕੇ ਤਾਂ ਬੀਮਾਰੀ ਗ੍ਰਸਤ ਵਿਅਕਤੀ ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਖੁਦਕੁਸ਼ੀ ਕਰ ਲੈਂਦਾ ਹੈ। ਇਸ ਲਈ ਉਸ ਵਲੋਂ ਆਮ ਤੌਰ ਕੁੱਝ ਆਮ ਢੰਗ ਅਪਣਾਏ ਜਾਂਦੇ ਹਨ, ਜਿਵੇਂ ਪੱਖੇ, ਛੱਤ ਜਾਂ ਉੱਚੀ ਥਾਂ ਤੋਂ ਗਲ ਵਿੱਚ ਰੱਸੀ, ਪਗੜੀ ਜਾਂ ਚੁੰਨੀ ਆਦਿ ਪਾ ਕੇ ਲਟਕ ਜਾਣਾ, ਕੀੜੇਮਾਰ ਦਵਾਈਆਂ ਪੀ ਜਾਣਾ, ਕਿਸੇ ਬੀਮਾਰੀ ਦੀ ਦਵਾਈ ਦੀ ਜ਼ਿਆਦਾ ਮਾਤਰਾ ਲੈ ਲੈਣਾ, ਆਪਣੇ ਆਪ ਨੂੰ ਅੱਗ ਲਾ ਲੈਣੀ, ਆਪਣੇ ਆਪ ’ਤੇ ਕਿਸੇ ਹਥਿਆਰ ਨਾਲ ਆਤਮ ਘਾਤੀ ਹਮਲਾ ਕਰ ਲੈਣਾ, ਰੇਲ ਗੱਡੀ ਜਾਂ ਕਿਸੇ ਤੇਜ ਚੱਲ ਰਹੇ ਵਾਹਨ ਅੱਗੇ ਆਪਣੇ ਆਪ ਨੂੰ ਸੁੱਟ ਲੈਣਾ ਆਦਿ।

ਖੁਦਕੁਸ਼ੀ ਤੋਂ ਬਚਾਓ : 
ਮਾਨਸਿਕ ਰੋਗ ਜਾਂ ਮਨੋਵਿਗਿਆਨਕ ਸਮੱਸਿਆ ਤੋਂ ਗ੍ਰਸਤ ਵਿਅਕਤੀ ਆਪਣੇ ਆਪ ਵਿੱਚ ਇਕੱਲਾ ਨਹੀਂ ਹੁੰਦਾ ਬਲਕਿ ਉਹ ਕਿਸੇ ਪਰਿਵਾਰ ਦਾ ਮੈਂਬਰ ਅਤੇ ਸਮਾਜਿਕ ਪ੍ਰਾਣੀ ਹੁੰਦਾ ਹੈ। ਖੁਦਕੁਸ਼ੀ ਲਈ ਜਿੱਥੇ ਉਸ ਦੇ ਨਿੱਜੀ ਕਾਰਣ ਹੋ ਸਕਦੇ ਹਨ, ਉੱਥੇ ਉਸ ਦਾ ਪਰਿਵਾਰ ਅਤੇ ਕਿਤੇ ਨਾ ਕਿਤੇ ਸਮਾਜ ਦਾ ਕੋਈ ਵਿਅਕਤੀ ਜਾਂ ਅੰਗ ਵੀ ਹੋ ਸਕਦਾ ਹੈ। ਜਦ ਕਿਸੇ ਵਿਅਕਤੀ ਵਿੱਚ ਖੁਦਕੁਸ਼ੀ ਦੇ ਲੱਛਣ ਦਿਖਾਈ ਦੇਣ ਤਾਂ ਉਸ ਦੇ ਪਰਿਵਾਰ, ਸਹਿਕਰਮੀਆਂ, ਆਂਢ-ਗੁਆਂਢ ਅਤੇ ਸਮਾਜ ਦਾ ਜਿਹੜਾ ਵੀ ਅੰਗ ਅਜਿਹਾ ਅਨੁਭਵ ਕਰੇ, ਉਸ ਨੂੰ ਗ੍ਰਸਤ ਵਿਅਕਤੀ ਨਾਲ ਬੇਰੁਖੀ ਵਾਲਾ ਅਤੇ ਬਦਲਾ ਲਊ ਵਤੀਰਾ ਨਾ ਰੱਖਦੇ ਹੋਏ, ਪਿਆਰ ਅਤੇ ਹਮਦਰਦੀ ਅਤੇ ਸਹਿਯੋਗ ਦੇਣ ਦੀ ਜ਼ਰੂਰਤ ਹੁੰਦੀ ਹੈ।ਆਪ ਕ੍ਰੋਧਿਤ ਹੋਣ ਦੀ ਥਾਂ ਸਹਿਨਸ਼ੀਲਤਾ ਅਤੇ ਸ਼ਾਂਤ ਰਹਿਣ ਦੀ ਲੋੜ ਹੁੰਦੀ ਹੈ। ਅਗਰ ਅਜਿਹਾ ਕਰਨ ਦੇ ਬਾਵਜੂਦ ਵੀ ਕੋਈ ਸੁਧਾਰ ਨਜ਼ਰ ਨਾ ਆਵੇ ਤਾਂ ਤੁਰੰਤ ਮਨੋਚਕਿਤਸਕ ਜਾਂ ਮਨੋਵਿਗਿਆਨਕ ਦੀ ਸਲਾਹ ਲੈ ਲੈਣੀ ਚਾਹੀਦੀ ਹੈ, ਜੋ ਉਸ ਦੀ ਜਾਂ ਲੋੜ ਪੈਣ ’ਤੇ ਉਸ ਦੇ ਪਰਿਵਾਰ ਦੀ ਕਾਉਂਸਲਿੰਗ ਕਰਕੇ ਇਲਾਜ ਕਰ ਸਕਦੇ ਹਨ। ਜੇਕਰ ਜ਼ਰੂਰਤ ਹੋਵੇ ਤਾਂ ਮਾਹਿਰ ਡਾਕਟਰ ਦਵਾਈਆਂ ਨਾਲ ਵੀ ਵਿਅਕਤੀ ਨੂੰ ਤੰਦਰੁਸਤ ਕਰ ਸਕਦੇ ਹਨ। ਪਰਿਵਾਰ, ਮਿੱਤਰ ਦੋਸਤ, ਸਹਿਕਰਮੀ ਜਾਂ ਸਮਾਜ ਵਲੋਂ ਕਿਸੇ ਵੀ ਕੀਮਤ ’ਤੇ ਅਣਗਹਿਲੀ ਨਾ ਕਰਕੇ ਕੋਈ ਕੀਮਤੀ ਜਾਨ ਬਚਾਈ ਜਾ ਸਕਦੀ ਹੈ।

ਪੜ੍ਹੋ ਇਹ ਵੀ - ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਵਿਸ਼ੇਸ਼ ਜ਼ਿੰਮੇਵਾਰੀ: 
ਇਲਾਜ ਦੇ ਨਾਲ-ਨਾਲ ਵਿਅਕਤੀ ਵਲੋਂ ਜਾਂ ਸੰਬੰਧਤਾਂ ਵਲੋਂ ਉਸ ਦੀ ਜੀਵਨ ਸ਼ੈਲੀ ਬਦਲਣ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਸਵੇਰੇ ਜਲਦੀ ਉੱਠਣਾ, ਸੈਰ ਕਰਨਾ, ਸਾਦਾ ਅਤੇ ਸਾਤਵਿਕ ਭੋਜਨ ਖਾਣਾ, ਟੀ.ਵੀ. ਦੇ ਮਨੋਰੰਜਕ ਪ੍ਰੋਗਰਾਮ ਦੇਖਣਾ, ਯੋਗਾ ਕਰਨਾ, ਕੰਮ ਕਰਨ ਦੇ ਢੰਗ ਤਰੀਕੇ ਬਦਲਨਾ, ਜਲਦੀ ਸੌਣਾ ਅਤੇ ਜਲਦੀ ਜਾਗਣਾ, ਸਕਾਰਾਤਮਕ ਪੁਸਤਕਾਂ ਪੜ੍ਹਨਾ ਆਦਿ। ਹਰ ਇੱਕ ਵਿਅਕਤੀ ਲਈ ਇਹ ਜ਼ਰੂਰੀ ਬਣਦਾ ਹੈ ਕਿ ਉਹ ਲੋੜ ਤੋਂ ਵੱਧ ਮਹੱਤਵ-ਅਕਾਂਕਸ਼ੀ ਨਾ ਬਣੇ। ਆਪਣੀ ਪਹੁੰਚ ਤੋਂ ਬਾਹਰ ਵੱਡੇ ਵੱਡੇ ਸੁਪਨੇ ਨਾ ਦੇਖੇ ਅਤ ਆਪਣੇ ਆਪ ਨੂੰ ਤਣਾਓ ਪ੍ਰਬੰਧਨ ਕਰਨ ਦੇ ਯੋਗ ਬਣਾਵੇ।ਸੱਭ ਤੋਂ ਵਧੀਆ ਗੱਲ, ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਜਿਸ ਨਾਲ ਮਨੋਬਲ ਉੱਚਾ ਹੋ ਸਕਦਾ ਹੈ।ਪਰਿਵਾਰ, ਮਿੱਤਰ ਦੋਸਤ ਅਤੇ ਸਹਿਕਰਮੀਆਂ ਵਲੋਂ ਸਹਿਯੋਗ, ਪਿਆਰ ਅਤੇ ਹਮਦਰਦੀ ਰੱਖਣੀ ਬਹੁਤ ਜਰੂਰੀ ਹੈ।ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਦਾਰੀ ਬਣਦੀ ਹੈ। ਦੁਨੀਆ ਦੇ ਬਹੁਤ ਸਾਰੇ ਪਿਛੜੇ ਦੇਸ਼ਾਂ ਵਿੱਚ ਮਾਨਸਿਕ ਬੀਮਾਰ ਹੋਣਾ ਇੱਕ ਕਲੰਕ ਜਾਂ ਬਦਨਾਮੀ ਦਾ ਕਾਰਣ ਸਮਝਿਆ ਜਾਂਦਾ ਹੈ। ਇਸ ਧਾਰਣਾ ਵਿੱਚੋਂ ਬਾਹਰ ਨਿਕਲ ਕੇ ਇਸ ਦਾ ਬਾਕੀ ਬੀਮਾਰੀਆਂ ਵਾਂਗ ਇਲਾਜ ਕਰਵਾਉਣਾ ਜ਼ਰੂਰੀ ਬਣਦਾ ਹੈ।

ਚਾਹੇ ਹਰ ਦੇਸ਼ ਦੀਆਂ ਸਰਕਾਰਾਂ ਯਤਨਸ਼ੀਲ ਵੀ ਹਨ ਫਿਰ ਵੀ ਸੁਝਾਓ ਹੈ ਕਿ ਸਰਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਿਹਤ ਵਿਭਾਗ ਰਾਹੀਂ ਇਸ ਬੀਮਾਰੀ ਨਾਲ ਗ੍ਰਸਤ ਵਿਅਕਤੀਆਂ ਦੀ ਪੂਰੀ ਜਾਣਕਾਰੀ ਰੱਖਦਿਆਂ ਹੋਇਆਂ ਇਨ੍ਹਾਂ ਵਿਅਕਤੀਆਂ ਦੀ ਮਾਨਸਿਕ ਸਿਹਤ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਹਰ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਨਿਯੁਕਤੀ ਕਰਨੀ ਬਣਦੀ ਹੈ। ਜੇਕਰ ਹਰ ਪੱਧਰ ’ਤੇ ਵਿਸ਼ੇਸ਼ ਤੌਰ ’ਤੇ ਸਰਕਾਰ ਪੱਧਰ ’ਤੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸਮਾਜਿਕ, ਆਰਥਿਕ ਅਤੇ ਵਿਗਿਆਨਕ ਖੇਤਰ ਵਿੱਚ ਕੀਤੀ ਤਰੱਕੀ ਬੇ-ਅਰਥ ਹੋ ਜਾਵੇਗੀ। ਜਿਸ ਗਤੀ ਨਾਲ ਇਹ ਸਮੱਸਿਆ ਵਧਦੀ ਜਾ ਰਹੀ ਹੈ। ਜੇਕਰ ਨਾ ਰੋਕੀ ਗਈ ਤਾਂ ਇਹ ਮੌਤ ਦੇ ਤੀਜੇ ਕਾਰਣ ਦੀ ਥਾਂ ਪਹਿਲਾ ਸਥਾਨ ਲੈ ਲਵੇਗੀ। ਆਓ ਆਪਣੇ ਆਪ ’ਚੋਂ ਬਾਹਰ ਨਿਕਲ ਕੇ ਆਪਣਿਆਂ ਵਾਰੇ ਵੀ ਸੋਚੀਏ, ਨਫਰਤ ਈਰਖਾ ਛੱਡ ਕੇ ਲੋੜਵੰਦਾਂ ਨਾਲ ਪਿਆਰ ਹਮਦਰਦੀ ਅਤੇ ਸਹਿਯੋਗ ਵਾਲਾ ਵਰਤਾਓ ਕਰਕੇ ਆਪਣਾ ਫਰਜ਼ ਨਿਭਾਈਏ ।

ਪੜ੍ਹੋ ਇਹ ਵੀ - ਜਿੰਮ ਜਾਣ ਵਾਲੇ ਨੌਜਵਾਨ ਇਨ੍ਹਾਂ ਪਦਾਰਥਾਂ ਦੀ ਕਰਨ ਵਰਤੋਂ, ਹੋਣਗੇ ਹੈਰਾਨੀਜਨਕ ਲਾਭ

PunjabKesari

Jagdish Rai
5-Green Avenue , Ward No: 7
Garhshankar (Hoshiarpur)
Mobile No: 9855722733


rajwinder kaur

Content Editor

Related News