ਲੇਖ : ਵਿਦਿਆਰਥੀ ਜੀਵਨ, ਪੜ੍ਹਾਈ ਅਤੇ ਗਣਿਤ ਦੀਆਂ ਸਮੀਕਰਣਾਂ

09/17/2020 5:10:32 PM

ਯੂਨੀਵਰਸਿਟੀ ਦੇ ਦਿਨਾਂ ਦੀ ਗੱਲ ਹੈ। ਰੋਜ਼ ਦੀ ਤਰਾਂ ਐੱਮ.ਐੱਸ.ਸੀ ਦੀ ਪੜ੍ਹਾਈ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਿਜ਼ਿਕਸ ਵਿਭਾਗ ਦੀ ਲੈਬ ਵਿੱਚ ਪ੍ਰੈਕਟੀਕਲ ਕਰ ਰਿਹਾ ਸੀ। ਇਸ ਵਿਚ ਗਣਿਤ ਦੀਆਂ ਕਾਫੀ ਸਾਰੀਆਂ ਗੁੰਝਲਦਾਰ ਸਮੀਕਰਣਾਂ ਆ ਗਈਆ ਸਨ, ਸ਼ਾਮ ਦੇ 7 ਵੱਜ ਚੁਕੇ ਸਨ। ਇਨ੍ਹਾਂ ਲੰਮੀਆਂ ਸਮੀਕਰਣਾਂ ਨੂੰ ਹੱਲ ਕਰਦੇ ਹੋਏ ਮੈਂ ਅੱਕ ਥੱਕ ਗਿਆ ਸੀ, ਹੱਲ ਫਿਰ ਵੀ ਨਹੀਂ ਸੀ ਨਿਕਲ ਰਿਹਾ। ਮੇਰੇ ਇਕ ਪ੍ਰੋਫੈਸਰ ਜੋ ਸਵੇਰ ਤੋਂ ਦੇਰ ਸ਼ਾਮ ਤੱਕ ਉੱਥੇ ਰਹਿ ਕੇ ਆਪਣਾ ਕੰਮ ਕਰਦੇ ਹੁੰਦੇ ਸਨ, ਉਹ ਉੱਥੇ ਹੀ ਮੌਜੂਦ ਸਨ। ਮੈਂ ਸਰ ਨੂੰ ਪੁੱਛਿਆ, ਸਰ ਇਹ ਏਨੀਆਂ ਵੱਡੀਆਂ ਗਣਿਤ ਦੀਆਂ ਸਮੀਕਰਣਾਂ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕਿੱਥੇ ਵਰਤਾਂਗੇ ? ਇਨ੍ਹਾਂ ਨੂੰ ਪੜ੍ਹਨ ਦਾ ਕੀ ਫਾਇਦਾ ਹੈ? ਸਰ ਨੂੰ ਮੇਰੇ ਵਾਂਗ ਚਾਹ ਪੀਣ ਦਾ ਬਹੁਤ ਸ਼ੌਂਕ ਸੀ। 

ਜੰਮੂ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ ਦਿਖਾਇਆ ਸੋਹਣਾ ''ਬਗੀਚਾ'' (ਤਸਵੀਰਾਂ)

ਸਮੀਕਰਣਾਂ ਦਾ ਜ਼ਿੰਦਗੀ ਵਿੱਚ ਮਹੱਤਵ

ਸਰ ਕਹਿੰਦੇ ਚਾਹ ਪੀਂਦੇ ਹੋਏ ਗੱਲ ਕਰਦੇ ਹਾਂ। ਅਸੀਂ ਚਾਹ ਪੀਣ ਲਈ ਬਾਹਰ ਕੰਟੀਨ ਕੋਲ ਆ ਗਏ।  ਸਰ ਨੇ ਗੱਲ ਸ਼ੁਰੂ ਕੀਤੀ..ਦੁਨੀਆਂ ਦੀ ਹਰੇਕ ਮਸ਼ੀਨ ਕਿਸੇ ਨਾ ਕਿਸੇ ਸਿਧਾਂਤ ’ਤੇ ਕੰਮ ਕਰਦੀ ਹੈ। ਇਹ ਸਿਧਾਂਤ ਇਨ੍ਹਾਂ ਸਮੀਕਰਣਾਂ ਵਿੱਚੋਂ ਨਿਕਲਦੇ ਹਨ। ਹਰੇਕ ਸਮੀਕਰਣ ਵਿੱਚ ਕੁਝ ਨਾ ਕੁਝ ਛੁਪਿਆ ਹੁੰਦਾ ਹੈ, ਲੋੜ ਹੁੰਦੀ ਹੈ, ਉਸ ਨੂੰ ਸਮਝਨ ਦੀ। ਵਿਗਿਆਨੀ ਇਸੇ ਤਰਾਂ ਕਰਦੇ ਹਨ, ਉਹ ਇਨ੍ਹਾਂ ਸਮੀਕਰਣਾਂ ਨੂੰ ਸਮਝ ਕੇ ਬਦਲਾਅ ਕਰਕੇ ਇਨ੍ਹਾਂ ਵਿੱਚੋਂ ਕੁਝ ਨਵਾਂ ਕੱਢ ਦਿੰਦੇ ਹਨ। ਆਇਨਸਟਾਈਨ ਨੇ ਪੁੰਜ ਅਤੇ ਊਰਜਾ ਦੀ ਇੱਕ ਸਮੀਕਰਣ ਦਿੱਤੀ ਸੀ E=mc2, ਪੁੰਜ ਨੂੰ ਊਰਜਾ ਵਿੱਚ ਅਤੇ ਊਰਜਾ ਨੂੰ ਪੁੰਜ ਵਿੱਚ ਬਦਲਿਆ ਜਾ ਸਕਦਾ ਹੈ । ਬਾਅਦ ਵਿੱਚ ਇਸੇ ਸਮੀਕਰਣ ਦੀ ਮਦਦ ਨਾਲ ਪ੍ਰਮਾਣੂ ਬਿਜਲੀ ਘਰਾਂ ਰਾਹੀਂ ਬਿਜਲੀ ਪੈਦਾ ਹੋਈ ਤੇ ਐਟਮ ਬੰਬ ਵੀ ਬਣੇ। ਅਸੀਂ ਮੈਡੀਕਲ ਦੇ ਖੇਤਰ ਵਿਚ ਜਿੰਨੀ ਮਸ਼ੀਨਰੀ ਵੇਖਦੇ ਆਂ,ਉਹ ਇਨ੍ਹਾਂ ਸਮੀਕਰਣਾਂ ਰਾਹੀਂ ਕਿਸੇ ਨਾ ਕਿਸੇ ਸਿਧਾਂਤ ’ਤੇ ਬਣੀ।

ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

ਸਮੀਕਰਣਾਂ ਵਿਚ ਕੁਝ ਬਦਲਾਅ

ਇਹ ਸਿਰਫ ਸਮੀਕਰਣਾਂ ਨਹੀਂ, ਮਨੁੱਖ ਦੀ ਜ਼ਿੰਦਗੀ ਦਾ ਅਧਾਰ ਹਨ। ਇਕ ਪੀੜੀ ਦੇ ਲੋਕ ਇਨ੍ਹਾਂ ਨੂੰ ਬਣਾ ਕੇ ਦੂਜੀ ਪੀੜੀ ਨੂੰ ਦਿੰਦੇ ਹਨ। ਦੂਜੀ ਪੀੜੀ ਦਾ ਫ਼ਰਜ ਹੁੰਦਾ ਹੈ ਕਿ ਇਨ੍ਹਾਂ ਨੂੰ ਸਮਝ ਕੇ, ਇਨ੍ਹਾਂ ਵਿਚ ਕੁਝ ਬਦਲਾਅ ਲਿਆਵੇ। ਇਨ੍ਹਾਂ ਨੂੰ ਹੋਰ ਸੌਖਾ ਬਣਾਵੇ ਤੇ ਕੁਝ ਨਵਾਂ ਖੋਜ਼ ਕਰੇ, ਜਿਸ ਨਾਲ ਲੋਕਾਂ ਦਾ ਜੀਵਨ ਹੋਰ ਸੌਖਾ ਹੋਵੇ। ਇਸੇ ਤਰਾਂ ਇਨ੍ਹਾਂ ਸਮੀਕਰਣਾਂ ਵਿੱਚ ਕੁਝ ਨਵਾਂ ਜੋੜ ਕੇ ਅਗਲੀ ਪੀੜੀ ਨੂੰ ਦੇ ਦਿੱਤਾ ਜਾਵੇ। ਆਪਣਾ ਦਿਮਾਗ ਅਜਿਹੀ ਮਸ਼ੀਨ ਹੈ, ਜਿਸ ਨੂੰ ਜੇ ਨਾ ਵਰਤਿਆ ਤਾਂ ਇਹ ਕੰਮ ਕਰਨਾ, ਸੋਚਣਾ ਬੰਦ ਕਰ ਦਿੰਦੀ ਹੈ। ਤੁਸੀਂ ਆਖਰੀ ਸਮੈਸਟਰ ਵਿੱਚ ਇੱਕ ਪ੍ਰਾਜੈਕਟ ’ਤੇ ਕੰਮ ਕਰਨਾ ਹੁੰਦਾ ਹੈ। ਇਸ ਨੂੰ ਦੇਣ ਦਾ ਕਾਰਨ ਇਹੀ ਹੁੰਦਾ ਹੈ ਕਿ ਤੁਸੀਂ ਕੁਝ ਨਵਾਂ ਲੱਭ ਕੇ ਲਿਆਓ। ਉਸ ਬਾਰੇ ਅਲੱਗ ਅਲੱਗ ਕਿਤਾਬਾਂ ਵਿੱਚੋ ਪੜ੍ਹੋ, ਕੁਝ ਨਵਾਂ ਖੋਜ਼ ਕਰੋ ,ਪਹਿਲਾਂ ਜੋ ਮੌਜੂਦ ਹੈ ,ਉਸ ਵਿੱਚ ਬਦਲਾਅ ਕਰਕੇ ਕੁਝ ਨਵਾਂ ਲੈ ਕੇ ਆਵੋ। ਪੜ੍ਹਨ ਨਾਲ ਮਨ ਸਾਫ ਹੁੰਦਾ ਹੈ। ਪੜ੍ਹਾਈ ਦਾ ਹਮੇਸ਼ਾ ਮਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ।

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਕਿਤਾਬਾਂ ਨਾਲ ਹੁੰਦਾ ਹੈ ਮਾਨਸਿਕ ਵਿਕਾਸ

ਜਦੋਂ ਸਾਨੂੰ ਕਿਤਾਬਾਂ ਨਾਲ ਪਿਆਰ ਹੋ ਜਾਂਦਾ ਹੈ, ਤਾਂ ਅਸੀਂ ਪੜ੍ਹੇ ਬਿਨਾਂ ਨਹੀਂ ਰਹਿ ਸਕਦੇ। ਇਕ ਦੋ ਦਿਨ ਜੇ ਨਾ ਪੜ੍ਹੋ ਤਾਂ ਕੁਝ ਖਾਲੀ ਖਾਲੀ ਲੱਗਣ ਲੱਗ ਜਾਂਦਾ ਹੈ। ਜੋ ਵੀ ਅਸੀਂ ਪੜ੍ਹਦੇ ਆ, ਉਹ ਕਿਤੇ ਨਾ ਕਿਤੇ ਜ਼ਰੂਰ ਕੰਮ  ਆਉਂਦਾ ਹੈ। ਜ਼ਿੰਦਗੀ ਜਿਊਣ ਲਈ ਪੈਸੇ ਦੀ ਬਹੁਤ ਲੋੜ ਹੁੰਦੀ ਹੈ। ਪੜ੍ਹਾਈ ਸਾਨੂੰ ਪੈਸੇ ਕਮਾਉਣ ਵਿੱਚ ਮਦਦ ਕਰਦੀ ਹੈ। ਭਾਵੇ ਨੌਕਰੀ ਹੋਵੇ ਜਾਂ ਵਪਾਰ ਪੜ੍ਹਾਈ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ। ਕਿਤਾਬਾਂ ਸਾਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਸਹੀ ਤੇ ਗ਼ਲਤ ਦੀ ਪਛਾਣ ਕਰਨਾ ਸਿਖਾਂਉਂਦੀਆਂ ਹਨ। ਜੇ ਤੁਸੀਂ ਪੜ੍ਹਨਾ ਬੰਦ ਕਰ ਦਿੰਦੇ ਹੋ ਤਾਂ ਤੁਹਾਡਾ ਮਾਨਸਿਕ ਵਿਕਾਸ ਹੋਣਾ ਬੰਦ ਹੋ ਜਾਂਦਾ ਹੈ। ਜਦੋਂ ਤੁਸੀਂ ਇੱਕ ਕਿਤਾਬ ਪੜ੍ਹ ਰਹੇ ਹੁੰਦੇ ਹੋ, ਉਸ ਕਿਤਾਬ ਵਿੱਚੋਂ ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ, ਤਾਂ ਇਸ ਤਰਾਂ ਲੱਗਦਾ ਹੈ ਕਿ ਦੁਨੀਆਂ ਵਿੱਚ ਕਿੰਨਾਂ ਗਿਆਨ ਪਿਆ ਹੈ। ਮੈਂ ਤਾਂ ਅਜੇ ਕੁਝ ਵੀ ਨਹੀਂ ਸਿੱਖਿਆ। ਕਿਤਾਬਾਂ ਵਿੱਚ ਇੰਨਾ ਕੁਝ ਪਿਆ ਕਿ ਪੜ੍ਹਦੇ ਪੜ੍ਹਦੇ  ਸਾਨੂੰ  ਜ਼ਿੰਦਗੀ ਛੋਟੀ ਲੱਗਣ ਲੱਗ ਜਾਂਦੀ ਹੈ। ਫਿਰ ਅਖੀਰ ਵਿੱਚ ਉਹ ਹੱਸ ਕੇ ਕਹਿੰਦੇ, ਹੋਰ ਕੁਝ ਨਹੀਂ ਤਾਂ ਜੇ ਅੱਜ ਤੂੰ ਇਨ੍ਹਾਂ ਨੂੰ ਹੱਲ ਕਰਨਾ ਸਿੱਖ ਗਿਆ ਤਾਂ ਆਪਣੇ ਬੱਚਿਆਂ ਨੂੰ ਆਪ ਤਾਂ ਪੜ੍ਹਾ ਸਕੇਗਾ। ਉਨ੍ਹਾਂ ਦੀਆਂ ਗੱਲਾਂ ਨੂੰ ਮਨ ਵਿੱਚ ਵਿਚਾਰਦਿਆਂ ਮੈਂ ਵਾਪਿਸ ਲੈਬ ਵੱਲ ਚੱਲ ਪਿਆ, ਫਿਰ ਓਹੀ ਸਮੀਕਰਣਾਂ ਨੂੰ ਹੱਲ ਕਰਨ। 

ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਸਵਿੰਦਰ ਸਿੰਘ (ਫਿਜ਼ਿਕਸ ਲੈਕਚਰਾਰ), ਜ਼ਿਲ੍ਹਾ ਮੋਗਾ
 ਈ-ਮੇਲ- jaswindersinghdeol@gmail.com


rajwinder kaur

Content Editor

Related News